ਹੁਸ਼ਿਆਰਪੁਰ:- ਆਮ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਗੁਣਵੱਤਾਪੂਰਨ ਖਾਣ-ਪੀਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਵਿਭਾਗ ਪੰਜਾਬ ਵੱਲੋਂ ਲਗਾਤਾਰ ਜਾਂਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਦੇ ਹੁਕਮਾਂ ਹੇਠ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਅਤੇ ਟੀਮ ਵੱਲੋਂ ਅੱਜ ਮਾਹਿਲਪੁਰ ਖੇਤਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਫੂਡ ਸੇਫਟੀ ਟੀਮ ਵੱਲੋਂ ਇਸ ਜਾਂਚ ਦੌਰਾਨ ਮਾਹਿਲਪੁਰ ਖੇਤਰ ਦੇ ਵੱਖ-ਵੱਖ ਫੂਡ ਬਿਜ਼ਨਸ ਸਥਾਨਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਕੁੱਲ 3 ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਇੱਕ ਸੈਂਪਲ ਖਾਣੇ ਵਾਲੇ ਤੇਲ (ਕੁਕਿੰਗ ਆਇਲ), ਇੱਕ ਸੈਂਪਲ ਸ਼ੱਕਰ ਅਤੇ ਇੱਕ ਸੈਂਪਲ ਮੈਯੋਨੀਜ਼ ਦਾ ਸ਼ਾਮਲ ਹੈ। ਇਹ ਸਾਰੇ ਸੈਂਪਲ ਗੁਣਵੱਤਾ ਜਾਂਚ ਲਈ ਫੂਡ ਸੇਫਟੀ ਲੈਬੋਰਟਰੀ, ਖਾਰੜ ਭੇਜੇ ਗਏ ਹਨ ਅਤੇ ਪ੍ਰਾਪਤ ਹੋਣ ਵਾਲੀ ਲੈਬ ਰਿਪੋਰਟ ਦੇ ਅਧਾਰ ‘ਤੇ ਫੂਡ ਸੇਫਟੀ ਐਕਟ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਾਂਚ ਮੁਹਿੰਮ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਸੰਬੰਧਿਤ ਫੂਡ ਬਿਜ਼ਨਸ ਓਪਰੇਟਰਾਂ ਨੂੰ ਆਪਣੇ ਕਾਰੋਬਾਰੀ ਸਥਾਨਾਂ ‘ਤੇ ਸਾਫ਼-ਸਫ਼ਾਈ, ਨਿੱਜੀ ਸਵੱਛਤਾ ਅਤੇ ਭੋਜਨ ਸੁਰੱਖਿਆ ਮਿਆਰਾਂ ਦੀ ਪੂਰੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਟੀਮ ਨੇ ਖਾਣ-ਪੀਣ ਦੀ ਸਟੋਰੇਜ, ਤਿਆਰੀ, ਪੈਕਿੰਗ ਅਤੇ ਵਿਕਰੀ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੇ ਮਾਮਲੇ ਵਿੱਚ ਪੂਰੀ ਸਾਵਧਾਨੀ ਵਰਤਣ ਅਤੇ ਸਿਰਫ਼ ਲਾਇਸੈਂਸਸ਼ੁਦਾ ਅਤੇ ਭਰੋਸੇਯੋਗ ਵਿਕਰੇਤਾਵਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣ। ਉਨ੍ਹਾਂ ਕਿਹਾ ਕਿ ਤਾਜ਼ਾ, ਸੁਰੱਖਿਅਤ ਅਤੇ ਸਾਫ਼-ਸੁਥਰੇ ਢੰਗ ਨਾਲ ਤਿਆਰ ਕੀਤਾ ਭੋਜਨ ਹੀ ਚੰਗੀ ਸਿਹਤ ਦੀ ਨਿਸ਼ਾਨੀ ਹੈ ਅਤੇ ਹਰ ਮੌਕੇ ‘ਤੇ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਨੂੰ ਤਰਜੀਹ ਦਿੱਤੀ ਜਾਵੇ।
