ਜ਼ੀਰਾ, 16 ਸਤੰਬਰ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਇਕਲ ਤੇ ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ੀਰਾ ਨੇੜਲੇ ਪਿੰਡ ਲੋਹਕੇ ਖੁਰਦ ਦੇ ਚਾਰ ਨੌਜਵਾਨ ਪਿੰਡ ਤਲਵੰਡੀ ਮੰਗੇ ਖਾਂ ਤੋਂ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਪਿੰਡ ਲੋਹਕੇ ਖੁਰਦ ਜਾ ਰਹੇ ਸਨ ਕਿ ਕੋਟ ਈਸੇ ਖਾਂ ਰੋਡ ਨੇੜੇ ਬਜਰੰਗ ਭਵਨ ਕਾਲਜ ਜ਼ੀਰਾ ਦੇ ਨਜ਼ਦੀਕ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ।
ਹਾਦਸੇ ਵਿੱਚ ਦੋ ਸਕੇ ਭਰਾ ਲਵਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਚਾਚੇ ਦੇ ਲੜਕੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਜਸ਼ਨਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਜੀਰਾ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ।
