ਪਟਿਆਲਾ, 20 ਅਗਸਤ:- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਲਖਵਿੰਦਰ ਖਾਨਪੁਰ, ਰਾਜਪਾਲ ਸਿੰਘ ਲਸੋਈ, ਜਸਵਿੰਦਰ ਸੌਜਾ, ਸਵਰਨ ਸਿੰਘ ਬੰਗਾ ਅਤੇ ਗੁਰਮੀਤ ਸਿੰਘ ਪੇਦਨ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਨਾਲ ਸਬੰਧਤ ਸਮੁੱਚੀਆਂ ਜਥੇਬੰਦੀਆਂ 27 ਅਗਸਤ ਦੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਨੂੰ ਅੱਜ ਤੋਂ ਹੀ ਇਸ ਸੰਘਰਸ਼ ਦੀ ਤਿਆਰੀ ਵਿੱਚ ਪੂਰੀ ਤਰ੍ਹਾਂ ਜੁਟ ਜਾਣ ਲਈ ਕਿਹਾ ਗਿਆ।
ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਦਰਸ਼ਨ ਬੇਲੂ ਮਾਜਰਾ, ਜਸਵੀਰ ਖੋਖਰ, ਰਣਜੀਤ ਮਾਨ, ਧਰਮਪਾਲ ਸਿੰਘ ਲੋਟ, ਦਿਆਲ ਸਿੱਧੂ ਅਤੇ ਜਗਤਾਰ ਸਾਹਪੁਰ ਨੇ ਕਿਹਾ ਕਿ ਉਹ ਇਸ ਬੰਦ ਨੂੰ ਕਾਮਯਾਬ ਕਰਨ ਲਈ ਆਪਣੇ ਮੁਲਾਜ਼ਮ ਅਤੇ ਪੈਨਸ਼ਨਰ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਨਾਲ ਲੈ ਕੇ ਇਸ ਇਕੱਤਰਤਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਸ ਦਿਨ ਕੋਈ ਵੀ ਮੁਲਾਜ਼ਮ ਜਾਂ ਪੈਨਸ਼ਨਰ ਇਸ ਸੰਘਰਸ਼ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ, ਤਾਂ ਜੋ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਮਜਬੂਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਡੀ.ਏ. ਦਾ ਬਕਾਇਆ ਜਾਰੀ ਕਰਨਾ, ਜੋ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ, ਪੇ ਕਮਿਸ਼ਨ ਦਾ ਬਕਾਇਆ ਦੇਣਾ, ਮਾਨ-ਭੱਤੇ ’ਤੇ ਕੰਮ ਕਰਦੇ ਵਰਕਰਾਂ ਨੂੰ ਗੁਜ਼ਾਰੇ ਯੋਗ ਤਨਖਾਹ ਦੇਣਾ, ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣਾ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਸ਼ਾਮਲ ਹਨ।
ਮੀਟਿੰਗ ਵਿੱਚ ਪਹੁੰਚੇ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ, ਹਿੰਮਤ ਸਿੰਘ ਅਤੇ ਹਰਪ੍ਰੀਤ ਉਪਲ ਨੇ ਕਿਹਾ ਕਿ ਸਮੁੱਚੇ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਉਸ ਦਿਨ ਵੱਡੇ ਪੱਧਰ ’ਤੇ ਸਕੂਲ ਬੰਦ ਕਰਕੇ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਪੰਜਾਬ ਦਾ ਇੱਕ ਇਤਿਹਾਸਕ ਸੰਘਰਸ਼ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਮੋਨਿਕਾ ਮਸੀਹ, ਰਕੇਸ਼ ਕਲਿਆਣ, ਗੁਰਿੰਦਰ ਸਹੋਤਾ, ਅਮਰਿੰਦਰ ਸਿੰਘ ਨਾਭਾ, ਕੁਲਦੀਪ ਘੱਗਾ, ਨਾਥ ਸਿੰਘ ਬੁਜਰਕ, ਹਰਦੇਵ ਸਿੰਘ, ਗੁਰਮੇਲ ਘਨੌਰ, ਅਰਜਨ ਸਿੰਘ ਰਾਜਪੁਰਾ ਆਦਿ ਆਗੂਆਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਉਹ ਅੱਜ ਤੋਂ ਹੀ ਇਸ ਸੰਘਰਸ਼ ਦੀ ਤਿਆਰੀ ਲਈ ਜੁਟ ਗਏ ਹਨ ਅਤੇ 27 ਅਗਸਤ ਨੂੰ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਝੰਡੇ ਹੇਠ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਰਾਮਗੜ੍ਹ, ਸੁਖਵੀਰ ਸਿੰਘ ਢੀਂਡਸਾ, ਸੁਨੀਲ ਕੁਮਾਰ ਬਡਲਾਨ, ਤੇਜਿੰਦਰਪਾਲ ਸਿੰਘ, ਅਰੂਨ ਕੁਮਾਰ ਕੋਲੇਮਾਜਰਾ, ਭੁਪਿੰਦਰ ਸਾਧੋਹੇੜੀ, ਜਸਵੀਰ ਕੌਰ, ਰਾਣੀ ਕੌਰ ਆਦਿ ਵੀ ਹਾਜ਼ਰ ਸਨ।
ਪੰਜਾਬ ਦੇ ਇਤਿਹਾਸ ਚ 27 ਅਗਸਤ ਦਾ ਸੰਘਰਸ਼ ਮੀਲ ਪੱਥਰ ਸਾਬਿਤ ਹੋਵੇਗਾ
