ਹੁਸ਼ਿਆਰਪੁਰ- ਬੀਤੇ ਦਿਨੀਂ ਆਏ ਹੜ੍ਹਾਂ ਨੇ ਕੰਢੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਭਾਰੀ ਨੁਕਸਾਨ ਕੀਤਾ। ਇਲਾਕੇ ਦੇ ਪਿੰਡ ਰਾਮਪੁਰ ਸੈਣੀਆਂ ਤੇ ਹੱਲੂਵਾਲ ਵਿੱਚ ਹੜ੍ਹਾਂ ਦਾ ਪਾਣੀ ਲੋਕਾਂ ਦੇ ਘਰਾਂ ਤੇ ਸਕੂਲਾਂ ਅੰਦਰ ਵੜ੍ਹ ਗਿਆ। ਪਿੰਡ ਹੱਲੂਵਾਲ ਦੀ ਗਰਾਊਂਡ ਦੀ ਬਹੁਤ ਮਜ਼ਬੂਤ ਕੰਧ ਨੂੰ ਪਿਛਲੇ ਸਾਲਾਂ ਵਾਂਗ ਫਿਰ ਢਹਿ ਢੇਰੀ ਕਰ ਦਿੱਤਾ।
ਪਿੰਡਾਂ ਦੇ ਲਹਿੰਦੇ ਪਾਸੇ ਗ਼ਰੀਬ ਮਜ਼ਦੂਰ ਲੋਕਾਂ ਦੇ ਘਰਾਂ ਅੰਦਰ ਵੜੇ ਪਾਣੀ ਨੇ ਜਿੱਥੇ ਘਰੇਲੂ ਵਰਤੋਂ ਦੀਆਂ ਜ਼ਰੂਰੀ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਗਲੀਆਂ ਤੇ ਘਰਾਂ ਅੰਦਰ ਖੜੇ ਚਿੱਕੜ ਕਾਰਨ ਬਿਮਾਰੀ ਫੈਲਣ ਦਾ ਵੀ ਖ਼ਤਰਾ ਹੈ। ਕਹਾਰਪੁਰ ਤੋਂ ਰਾਮਪੁਰ ਨੂੰ ਜਾਣ ਵਾਲੀ ਸੜਕ ਤੇ ਉਸਾਰੀ ਅਧੀਨ ਪੁਲ ਨੂੰ ਚੌੜਾ ਕਰਨਾ ਵੀ ਅਤਿਅੰਤ ਜ਼ਰੂਰੀ ਹੈ।ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਜਲਦ ਤੋਂ ਜਲਦ ਹਰਕਤ ਵਿੱਚ ਆ ਕੇ ਲੋਕਾਂ ਦੀ ਸਾਰ ਲੈਣੀ ਤੇ ਮੱਦਦ ਕਰਨੀ ਚਾਹੀਦੀ।
ਇਹ ਵਿਚਾਰ ਭਾਕਿਯੂ ਏਕਤਾ ਉਗਰਾਹਾਂ ਦੇ ਸਰਗਰਮ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਇਨਾਂ ਸਾਰੇ ਪਿੰਡਾਂ ਦੇ ਲੋਕਾਂ ਕੋਲ ਪਹੁੰਚ ਕੇ ਉਨਾਂ ਦੀਆਂ ਸਮੱਸਿਆਂਵਾਂ ਸੁਣਨ ਤੋਂ ਬਾਅਦ ਕਹੇ। ਉਨਾਂ ਕਿਹਾ ਕਿ ਜਿਆਣ ਤੋਂ ਜੇਜੋਂ ਮੇਨ ਸੜਕ ਨੂੰ ਜੋੜਦੀ ਲਿੰਕ ਸੜਕ ਜੋ ਅੱਗੇ ਹਿਮਾਚਲ ਨੂੰ ਜਾਂਦੀ ਹੈ ਸਾਡੇ ਪਿੰਡ ਨੰਗਲ ਖਿਲਾੜੀਆਂ ਕੋਲ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਿੱਥੇ ਅਸੀਂ ਦੋ ਦਿਨਾਂ ਤੋਂ ਬਕਾਇਦਾ ਆਪਣਾਂ ਫਰਜ਼ ਨਿਭਾਉਂਦੇ ਹੋਏ ਗੱਡੀਆਂ ਵਾਲਿਆਂ ਨੂੰ ਦੂਜੇ ਰਸਤਿਆਂ ਰਾਹੀਂ ਲੰਘਣ ਲਈ ਬੇਨਤੀ ਕਰ ਰਹੇ ਹਾਂ ਪਰ ਫਿਰ ਵੀ ਕਈ ਆਪਹੁਦਰੇ ਸਲਾਹ ਨਾ ਮੰਨ ਕੇ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰਦੇ ਤੇ ਫਸਾ ਲੈਂਦੇ ਹਨ ਜਿਸ ਨਾਲ ਵੱਡੇ ਜਾਨੀ ਮਾਲੀ ਨੁਕਸਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਇਸ ਸੜ੍ਹਕ ਵੱਲ ਵਿਸ਼ੇਸ਼ ਧਿਆਨ ਦੇ ਕੇ ਜਲਦ ਤੋਂ ਜਲਦ ਲੰਘਣਯੋਗ ਬਣਾ ਦੇਣਾਂ ਚਾਹੀਦਾ ਹੈ।
ਆਉਂਣ ਵਾਲੇ ਸਮੇਂ ਵਿੱਚ ਫੇਰ ਹੜ੍ਹਾਂ ਕਾਰਨ ਪਿੰਡਾਂ ਤੇ ਸੜਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਮਾਹਿਰਾਂ ਕੋਲੋਂ ਡੂੰਘਾਈ ਨਾਲ ਸਰਵੇ ਕਰਵਾ ਕੇ ਪਿੰਡਾਂ ਤੇ ਸੜਕਾਂ ਨੂੰ ਢਾਹ ਲਾਉਂਦੇ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਪੱਥਰਾਂ ਦੇ ਮਜ਼ਬੂਤ ਬੰਨ ਲਾ ਕੇ ਪੱਕਾ ਹੱਲ ਕਰਨਾ ਚਾਹੀਦਾ ਹੈ ਡੰਗ ਟਪਾਊ ਪ੍ਰਬੰਧਾਂ ਨਾਲ ਲੋਕਾਂ ਨੂੰ ਮੂਰਖ ਨਹੀਂ ਬਣਾਉਣਾਂ ਚਾਹੀਦਾ।
ਇਸ ਮੌਕੇ ਤੇ ਕੁਲਦੀਪ ਸਿੰਘ ਸਰਪੰਚ, ਮਲਕੀਤ ਸਿੰਘ ਹੀਰ, ਪ੍ਰਧਾਨ ਹਰਜਿੰਦਰ ਸਿੰਘ, ਰਿਟਾਇਰਡ ਕਰਨਲ ਸੁਰਿੰਦਰ ਸਿੰਘ ਮਾਹੀ, ਜਤਿੰਦਰ ਸਿੰਘ ਨੰਗਲ ਖਿਲਾੜੀਆਂ, ਤੇਜਾ ਸਿੰਘ ਮੁੱਖੋਮਜਾਰਾ, ਦਲਬੀਰ ਸਿੰਘ, ਚਮਨ ਲਾਲ ਸਮੇਤ ਭਾਰੀ ਗਿਣਤੀ ਵਿੱਚ ਹੜ੍ਹ ਪੀੜ੍ਹਤ ਲੋਕ ਹਾਜ਼ਰ ਸਨ।
ਜਿਆਣ ਤੋਂ ਜੇਜੋਂ ਮੇਨ ਸੜਕ ਨੂੰ ਜੋੜਦੀ ਸੜਕ ਪਿੰਡ ਨੰਗਲ ਖਿਲਾੜੀਆਂ ਕੋਲ ਹੜ੍ਹਾਂ ਕਾਰਨ ਡੂੰਘੇ ਖਤਾਨਾਂ ਚ ਬਦਲੀ- ਤਲਵਿੰਦਰ ਹੀਰ
