ਹੁਸ਼ਿਆਰਪੁਰ:- ਮਨੁੱਖਤਾ ਦੇ ਰਖਵਾਲੇ,ਜ਼ਬਰ ਜ਼ੁਲਮ ਵਿਰੁੱਧ ਸੀਸ ਦੇ ਕੇ ਜਾਬਰ ਔਰੰਗਜੇਬ ਵਰਗੇ ਹੰਕਾਰੇ ਜਾਲਮ ਹਾਕਮ ਦਾ ਸੀਸ ਨਿਵਾਉਣ ਵਾਲੇ ਸੱਚੇ ਪਾਤਸ਼ਾਹ ਨੋਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੀ 350 ਵੀਂ ਸ਼ਤਾਬਦੀ ਨੂੰ ਵਿਸ਼ਵ ਭਰ ਵਿੱਚ ਮਾਨਵਤਾ ਦੀ ਰਾਖੀ ਲਈ ਜੂਝ ਰਹੇ ਹੱਕ ਸੱਚ ਦੇ ਪਹਿਰੇਦਾਰ ਲੋਕਾਂ ਵਲੋਂ ਪੂਰਨ ਮਰਿਯਾਦਾ ਤੇ ਸਤਿਕਾਰ ਸਹਿਤ ਮਨਾ ਰਹੇ ਨੇ ਤੇ ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਚੱਲਣ ਲਈ ਸੱਚੇ ਦਿਲੋਂ ਅਹਿਦ ਕਰ ਰਹੇ ਨੇ।
ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਗੁਰੂ ਮਹਾਰਾਜ ਤੇ ਉਨਾਂ ਦੇ ਪੈਰੋਕਾਰਾਂ ਨੇ ਮਾਨਵਤਾ ਦੇ ਭਲੇ ਲਈ ਜਾਬਰ ਹਾਕਮਾਂ ਵਿਰੁੱਧ ਬਗਾਵਤ ਕੀਤੀ ਤੇ ਸ਼ਹਾਦਤ ਦਾ ਜਾਮ ਪੀ ਕੇ ਮਨੁੱਖਤਾ ਨੂੰ ਬਚਾਕੇ ਅਗਿਆਨ ਦੇ ਅੰਧੇਰੇ ਚੋਂ ਗਿਆਨ ਦੀ ਕਿਰਨ ਦਿਖਾ ਸਹੀ ਮਾਰਗ ਤੇ ਚੱਲਣ ਲਈ ਸੇਧਿਤ ਕੀਤਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਅਸਲ ਮਕਸਦ ਸਮੁੱਚੀ ਸ੍ਰਿਸ਼ਟੀ ਦੇ ਦੱਬੇ ਕੁੱਚਲੇ ਲੋਕਾਂ ਨੂੰ ਸਿਰ ਉੱਚਾ ਕਰਕੇ ਜਿਊਂਣ ਦੀ ਜਾਂਚ ਸਿਖਾਉਣਾਂ ਤੇ ਜਾਬਰ ਹਾਕਮਾਂ ਦੇ ਹੰਕਾਰ ਨੂੰ ਵੰਗਾਰਨਾ ਤੇ ਢਾਹ ਲਾਉਣਾਂ ਸੀ।
ਸਿਰਫ਼ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਬਚਾਉਣਾਂ ਤੇ ਦੂਜੇ ਦਾ ਵਿਰੋਧ ਕਰਨਾ ਨਹੀਂ ਸਗੋਂ ਸਮੁੱਚੀ ਮਨੁੱਖਤਾ ਖਿਲਾਫ਼ ਹੁੰਦੇ ਹਰ ਤਰਾਂ ਦੇ ਧੱਕੇ ਵਿਰੁੱਧ ਖੜ੍ਹਨਾ ਤੇ ਜ਼ੁਲਮ ਦਾ ਮੁਕੰਮਲ ਖਾਤਮਾ ਕਰਨ ਲਈ ਜਾਬਰਾਂ ਵਿਰੁੱਧ ਸਿਦਕ ਸਬਰ ਤੇ ਵਿਚਾਰਾਂ ਸੰਗ ਲੜਨ ਲਈ ਲੋਕਾਈ ਨੂੰ ਜਾਗਰੂਕ ਕਰਨਾ ਸੀ। "ਭੈ ਕਾਹੂ ਕੋ ਦੇਤੁ ਨਹਿ,ਨਹਿ ਭੈ ਮਾਨਤ ਆਨ" ਦਾ ਉਪਦੇਸ਼ ਦੇ ਕੇ ਜ਼ਿੰਦਗੀ ਅਣਖ ਨਾਲ ਜਿਊਂਣ ਦੀ ਜਾਂਚ ਸਿਖਾਉਣਾਂ ਸੀ।
ਦੂਜਿਆਂ ਨੂੰ ਪਰਖਣ ਤੇ ਸ਼ਹਾਦਤ ਦੇਣ ਲਈ ਤੋਰਨ ਦੀ ਥਾਂ ਗੁਰੂ ਸਾਹਿਬ ਜੀ ਨੇ ਖੁਦ ਸ਼ਹਾਦਤ ਦੇਣ ਲਈ ਖੁਦ ਜ਼ਾਲਮ ਹਾਕਮ ਦੇ ਕੋਲ ਪਹੁੰਚਣ ਦਾ ਫੈਸਲਾ ਸਵੈ ਇੱਛਾ ਤੇ ਦ੍ਰਿੜ ਇਰਾਦੇ ਨਾਲ ਲੈਂਦਿਆਂ ਜਾਬਰ ਔਰੰਗਜੇਬ ਦੇ ਜ਼ੁਲਮਾਂ ਦੀ ਸਤਾਈ, ਘਬਰਾਈ ਤੇ ਬੁਖਲਾਈ ਹੋਈ ਮਨੁੱਖਤਾ ਅੰਦਰ ਅਣਖ ਨਾਲ ਜਿਊਂਣ ਦੀ ਚਿਣਗ ਪੈਦਾ ਕਰ ਦਿੱਤੀ।
ਸ਼ਾਂਤ ਚਿੱਤ ਬਾਬਾ ਬਕਾਲਾ ਸਾਹਿਬ ਜੀ ਦੇ ਭੋਰਾ ਸਾਹਿਬ 'ਚ ਬੈਠੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ "ਸੱਚਾ ਗੁਰੂ ਲਾਧੋ ਰੇ" ਕਹਿ ਕੇ ਪੁਕਾਰਨ ਵਾਲੇ ਭਾਈ ਮੱਖਣ ਸ਼ਾਹ ਲੁਬਾਣੇਂ ਨੇ ਉਸ ਵਕਤ ਕਿਆਸ ਵੀ ਨਹੀਂ ਕੀਤਾ ਹੋਵੇਗਾ ਕਿ ਉਸਦਾ ਡੁੱਬਦਾ ਬੇੜਾ ਬੰਨੇ ਲਾਉਣ ਵਾਲੇ ਗੁਰੂ ਪਾਤਸ਼ਾਹ ਇੱਕ ਦਿਨ ਪੂਰੀ ਮਨੁੱਖਤਾ ਦੀ ਰਖਵਾਲੀ ਲਈ ਆਪਣਾਂ ਸੀਸ ਜ਼ਾਲਮ ਹਾਕਮਾਂ ਨੂੰ ਨਵੰਬਰ 1675 'ਚ ਖੁਦ ਭੇਂਟ ਕਰਨ ਖੁਦ ਚੱਲ ਕੇ ਦਿੱਲੀ ਪਹੁੰਚਣਗੇ ਤੇ ਸਗਲ ਸ੍ਰਿਸਟਿ ਦੇ ਰਾਖੇ ਬਣਕੇ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਦਾ ਬੇੜਾ ਜਾਬਰਾਂ ਹੱਥੋਂ ਡੁੱਬਣੋਂ ਬਚਾਉਣਗੇ।
ਅਥਾਹ ਸਬਰ ਸੰਤੋਖ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇਂ ਵਿਆਹ ਦੇ 25 ਸਾਲ ਬਾਅਦ ਪ੍ਰਗਟ ਹੋਏ ਆਪਣੇ ਸਪੁੱਤਰ ਬਾਲ ਗੋਬਿੰਦ ਰਾਇ ਨੂੰ ਦੇਖਣ ਲਈ ਵੀ ਬੜੀ ਦੇਰ ਬਾਅਦ ਪਟਨਾ ਸਾਹਿਬ ਪਹੁੰਚੇ ਸਨ ਪਰ ਕਸ਼ਮੀਰੀ ਪੰਡਿਤਾਂ ਦੇ ਜਥੇ ਦੇ ਆਗੂ ਪੰਡਿਤ ਕਿਰਪਾ ਰਾਮ ਦੀ ਫ਼ਰਿਆਦ ਸੁਣ ਉਸੇ ਵਕਤ ਦਿੱਲੀ ਸੀਸ ਕਟਵਾਉਣ ਜਾਣ ਲਈ ਤੁਰ ਪਏ ਸਨ।
ਧੰਨ ਗੁਰੂ ਧੰਨ ਗੁਰੂ ਦੇ ਸਿਦਕੀ ਸਿੱਖ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਜਿਹੜੇ ਆਰੇ ਸੰਗ ਚੀਰੇ ਗਏ, ਰੂੰ 'ਚ ਲਪੇਟ ਕੇ ਸਾੜੇ ਗਏ, ਦੇਗ 'ਚ ਉਬਾਲੇ ਗਏ ਪਰ ਡੋਲੇ ਨਾ, ਜ਼ਾਲਮ ਔਰੰਗਜੇਬ ਦੇ ਤਖ਼ਤ ਨੂੰ ਜ਼ਰੂਰ ਡੋਲਣ ਲਾ ਗਏ ਤੇ ਗੁਰਾਂ ਸੰਗ ਕੀਤੇ ਵਚਨਾਂ ਨੂੰ ਸਿਰੜ ਸੰਗ ਨਿਭਾਅ ਗਏ।
ਅੱਜ ਸ਼ਹਾਦਤ 350 ਸਾਲ ਬੀਤਣ ਦੇ ਬਾਵਜੂਦ ਪੂਰੀ ਦੁਨੀਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜ੍ਹ ਰਹੇ ਲੋਕ ਗੁਰੂ ਸਾਹਿਬ ਤੇ ਉਨਾਂ ਦੇ ਸਿਦਕੀ ਸਾਥੀਆਂ ਦੀ ਸ਼ਹਾਦਤ ਤੇ ਉਪਦੇਸ਼ਾਂ ਨੂੰ ਸਿਜਦਾ ਕਰ ਰਹੇ ਤੇ ਉਨਾਂ ਤੇ ਚੱਲਣ ਲਈ ਗੁਰੂ ਜੀ ਪਾਸੋਂ ਬਲ ਮੰਗ ਰਹੇ ਨੇ। ਹੰਕਾਰੀ ਹਾਕਮ ਔਰੰਗਜ਼ੇਬ ਤੇ ਉਸ ਦੇ ਹੁਕਮਾਂ ਦੀ ਪਾਲਣਾਂ ਕਰਨ ਵਾਲੇ ਅਕਲੋਂ ਅੰਨੇ, ਚਾਪਲੂਸ, ਲੋਭੀ ਅਹਿਲਕਾਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਕੋਈ ਵੀ ਮਨੁੱਖ ਆਪਣੇ ਮੂੰਹੋਂ ਉਨਾਂ ਦਾ ਭੈੜਾ ਨਾਂ ਵੀ ਲੈਣਾਂ ਨਹੀਂ ਚਾਹੁੰਦਾ।
ਸਾਰੀ ਦੁਨੀਆਂ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਨਾਂ ਦੇ ਸਿਦਕੀ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਚਾਰ ਗੋਸ਼ਟੀਆਂ ਤੇ ਮਹਾਨ ਸਮਾਗਮ ਕਰਵਾਏ ਜਾ ਰਹੇ ਨੇ। ਦੁਨੀਆਂ ਦੇ ਮੌਜੂਦਾ ਜਾਬਰ ਹਾਕਮਾਂ ਨੂੰ ਵੀ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਤੋਂ ਸਬਕ ਸਿੱਖਣ ਦੀ ਲੋੜ੍ਹ ਹੈ ਤੇ ਮਨੁੱਖਤਾ ਨੂੰ ਧੱਕੇ ਤੇ ਜ਼ਬਰ ਨਾਲ ਦਬਾਉਣ ਦੀ ਥਾਂ ਦੁਨੀਆਂ ਨੂੰ ਮਨੁੱਖਤਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਜਿਊਂਣਯੋਗ ਬਣਾਉਣ ਦੀ ਲੋੜ੍ਹ ਹੈ।
ਨਹੀਂ ਤਾਂ ਇਨ੍ਹਾਂ ਮਨੁੱਖਤਾ ਦੇ ਵੈਰੀਆਂ ਦਾ ਵੀ ਔਰੰਗਜ਼ੇਬ ਵਾਂਗ ਸਰਬਨਾਸ਼ ਹੋ ਜਾਏਗਾ ਤੇ ਜਿਸ ਮਾਨਵਤਾ ਦੇ ਭਲੇ ਲਈ ਗੁਰੂ ਸਾਹਿਬ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਆਪਣਾਂ ਸੀਸ ਕਟਵਾ ਕੇ ਸਿਦਕ ਤੇ ਸਬਰ ਨੂੰ ਕਾਇਮ ਰੱਖਿਆ ਸੀ ਉਹ ਯੁੱਗਾਂ ਯੁੱਗਾਂ ਤੱਕ ਕਾਇਮ ਰਹੇਗਾ ਤੇ ਮਨੁੱਖਤਾ ਦੇ ਵੈਰੀ ਜ਼ਾਲਮ ਹਾਕਮ ਆਪਣੇਂ ਹੱਥੀਂ ਆਪਣੀਆਂ ਜੜ੍ਹਾਂ ਪੁੱਟਣ ਲਈ ਆਪ ਜ਼ਿੰਮੇਵਾਰ ਹੋਣਗੇ।
ਆਓ ਸਾਰੇ ਮਿਲ ਕੇ ਉਸ ਮਹਾਨ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿਦਕੀ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੀ ਉਸ ਵਕਤ ਜਾਨ ਜੋਖ਼ਮ 'ਚ ਪਾ ਕੇ ਗੁਰਾਂ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਣ ਦੀ ਨਿਭਾਈ ਸੇਵਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਵਲੋਂ ਆਪਣੇ ਘਰ ਨੂੰ ਅਗਨ ਭੇਂਟ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਧੜ੍ਹ ਦਾ ਅੰਤਿਮ ਸੰਸਕਾਰ ਕੀਤਾ ਸੀ ਨੂੰ ਸਿਜਦਾ ਕਰੀਏ ਤੇ ਉਨਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਮਾਨਵਤਾ ਦੇ ਭਲੇ ਲਈ ਜ਼ਬਰ ਦਾ ਟਾਕਰਾ ਸਬਰ ਨਾਲ ਕਰਨ ਦਾ ਅਹਿਦ ਕਰੀਏ।
ਇਹੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਗੁਰੂ ਮਹਾਰਾਜ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਆਓ ਸਾਰੇ ਮਨੁੱਖਤਾ ਵਿਰੋਧੀ ਹਕੂਮਤੀ ਅਡੰਬਰਾਂ ਤੇ ਪਾਖੰਡਾਂ ਜਿਨ੍ਹਾਂ ਤੋਂ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵਰਜਿਆ ਸੀ ਤੋਂ ਬਚੀਏ ਤੇ ਮਹਾਨ ਗੁਰਬਾਣੀ ਦੇ ਉਪਦੇਸ਼ ਨੂੰ ਸਮਝਕੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਮਾਨਵਤਾ ਦੇ ਭਲੇ ਤੇ ਜਾਬਰਾਂ ਦੇ ਟਾਕਰੇ ਲਈ ਸੰਘਰਸ਼ ਕਰੀਏ।
ਸਮੁੱਚੇ ਵਿਸ਼ਵ ਦੀ ਸ਼ਾਂਤੀ ਤੇ ਮਾਨਵਤਾ ਦੀ ਭਲਾਈ ਹੀ ਸਗਲ ਸ੍ਰਿਸਟ ਦੇ ਰਾਖੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਤਲਵਿੰਦਰ ਹੀਰ
