ਅੰਬਾਲਾ, 18 ਦਸੰਬਰ:- ਅਦਾਲਤ ਵੱਲੋਂ ਸਰਕਾਰੀ ਜ਼ਮੀਨ ਤੇ ਬਣੀਆਂ ਦੁਕਾਨਾਂ (ਰਾਣਾ ਮਾਰਕੀਟ) ਸਬੰਧੀ ਚੱਲ ਰਹੇ ਮਾਮਲੇ ਦਾ ਫੈਸਲਾ ਨਗਰ ਕੌਂਸਲ ਦੇ ਹੱਕ ਵਿਚ ਆਉਣ ਤੋਂ ਬਾਅਦ ਨਗਰ ਕੌਂਸਲ ਨੇ ਅੰਬਾਲਾ ਛਾਉਣੀ ਦੇ ਮਹੇਸ਼ ਨਗਰ (ਸ਼ਬਿਆਣਾ) ਵਿਚ 20 ਦੁਕਾਨਾਂ ਅਤੇ ਪੁਲੀਸ ਸਟੇਸ਼ਨ ਨੂੰ ਤਾਲਾ ਲਾ ਦਿੱਤਾ। ਕਾਰਵਾਈ ਦੌਰਾਨ ਨਗਰ ਕੌਂਸਲ ਦੇ ਈਓ ਦਵਿੰਦਰ ਨਰਵਾਲ ਅਤੇ ਮਹੇਸ਼ ਨਗਰ ਥਾਣੇ ਦੇ ਐਸਐਚਓ ਮੌਜੂਦ ਸਨ। ਨਗਰ ਕੌਂਸਲ ਨੇ ਮਹੇਸ਼ ਨਗਰ ਥਾਣੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਅਤੇ ਥਾਣੇ ਦੀ ਥਾਂ ਖ਼ਾਲੀ ਕਰਨ ਲਈ ਦੋ ਮਹੀਨਿਆਂ ਦਾ ਸਮਾ ਦਿੱਤਾ ਹੈ।  
ਅੰਬਾਲਾ ਛਾਉਣੀ ਦੇ ਮਹੇਸ਼ ਨਗਰ ਖੇਤਰ ਵਿੱਚ ਇੱਕ ਰਾਣਾ ਮਾਰਕੀਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਕਿਸੇ ਸਮੇਂ ਇੱਥੇ ਸ਼ਬਿਆਣਾ ਪਿੰਡ ਦੀਆਂ ਕਬਰਾਂ ਹੁੰਦੀਆਂ ਸਨ। ਹੁਣ ਸ਼ਬਿਆਣਾ ਮਹੇਸ਼ ਨਗਰ ਬਣ ਚੁੱਕਾ ਹੇ। ਕੁਝ ਵਿਅਕਤੀਆਂ ਵੱਲੋਂ ਇਸ ਜਗ੍ਹਾ ਤੇ ਕਬਜ਼ਾ ਕਰਕੇ ਮਾਰਕੀਟ ਉਸਾਰ ਲਈ ਗਈ ਅਤੇ ਇਕ-ਇਕ ਦੁਕਾਨ ਦਾ 20 ਹਜ਼ਾਰ ਤੋਂ 30 ਹਜ਼ਾਰ ਰੁਪਏ ਮਹੀਨਾ ਕਿਰਾਇਆ ਵਸੂਲਿਆ ਜਾ ਰਿਹਾ ਸੀ। ਸੂਤਰਾਂ ਨੇ ਦੁਕਾਨਾਂ ਦੀ ਕੁਲ ਗਿਣਤੀ 28 ਦੱਸੀ ਹੈ।
 ਇਨ੍ਹਾਂ ਦੁਕਾਨਾਂ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਅਦਾਲਤ ਦਾ ਫੈਸਲਾ ਨਗਰ ਕੌਂਸਲ ਦੇ ਹੱਕ ਵਿੱਚ ਆਉਣ ਤੋਂ ਬਾਅਦ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਦੁਕਾਨਾਂ ਨੂੰ ਤਾਲੇ ਲਾ ਕੇ ਕਬਜ਼ਾ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 2015 ਤੋਂ ਲੰਬਿਤ ਸੀ ਅਤੇ ਕੁਝ ਵਿਅਕਤੀ ਇਨ੍ਹਾਂ ਦੁਕਾਨਦਾਰਾਂ ਤੋਂ ਕਿਰਾਇਆ ਵਸੂਲ ਰਹੇ ਸਨ। ਨਗਰ ਕੌਂਸਲ ਨੇ ਬਿਨਾਂ ਦੇਰੀ ਕੀਤੇ ਇਸ ਮਾਮਲੇ ਵਿੱਚ ਸਾਰੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ।
ਇਸ ਮਾਮਲੇ ਬਾਰੇ ਨਗਰ ਕੌਂਸਲ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਾਰੀ ਕਾਰਵਾਈ ਕੀਤੀ ਹੈ। ਦੁਕਾਨਦਾਰਾਂ ਨੂੰ ਦੁਕਾਨਾਂ ਕਿਰਾਏ 'ਤੇ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਹੇਸ਼ ਨਗਰ ਪੁਲੀਸ ਸਟੇਸ਼ਨ ਬਾਰੇ ਕਾਰਵਾਈ ਦੀ ਨਾ ਕਰਨ ਤੇ ਨਗਰ ਕੌਂਸਲ ਦੇ ਈਓ ਨੇ ਕਿਹਾ ਕਿ ਪੁਲੀਸ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਕਿਉਂਕਿ ਪੁਲੀਸ ਸਟੇਸ਼ਨ ਦੀ ਇਕ ਨਵੀਂ ਇਮਾਰਤ ਬਣਾਈ ਜਾ ਰਹੀ ਹੈ।
ਅੱਜ ਰਾਣਾ ਮਾਰਕੀਟ ਦੇ ਦੁਕਾਨਦਾਰ ਨਗਰ ਕੌਂਸਲ ਦਫ਼ਤਰ ਪਹੁੰਚੇ ਅਤੇ ਲਿਖਤੀ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਦੁਕਾਨਾਂ ਉਨ੍ਹਾਂ ਨੂੰ ਕਿਰਾਏ 'ਤੇ ਦਿੱਤੀਆਂ ਜਾਣ। ਈਓ ਨੇ ਕਿਹਾ ਕਿ ਦੁਕਾਨਾਂ ਸੀਲ ਨਹੀਂ ਕੀਤੀਆਂ ਕੇਵਲ ਕਬਜ਼ਾ ਲਿਆ  ਹੈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਦੇਣ ਸਬੰਧੀ ਬਣਦੀ ਪ੍ਰਕ੍ਰਿਆ ਕੀਤੀ ਜਾਵੇਗੀ।