ਸੜੋਆ, 21 ਅਗਸਤ:- ਪੰਜਾਬ ਸਰਕਾਰ ਅਤੇ ਉਸ ਦੇ ਲੋਕਲ ਲੀਡਰ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਲੀਡਰ ਤੋਂ ਲੈ ਕੇ ਛੋਟੇ ਲੀਡਰ ਤੱਕ ਫੇਸਬੁੱਕ ਉੱਪਰ ਵਿਕਾਸ ਕਾਰਜਾਂ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ ਅਤੇ ਵਿਕਾਸ ਕਾਰਜਾਂ ਦੀਆਂ ਝੂਠੀਆਂ ਸਿਫ਼ਤਾਂ ਦੇ ਪੁੱਲ ਰੋਜ਼ ਨਵੇਂ ਬੰਨ੍ਹ ਦਿੰਦੇ ਹਨ। ਇਸ ਫੋਕੀ ਸ਼ੋਹਰਤ ਅਤੇ ਵਿਕਾਸ ਦੇ ਝੂਠੇ ਦਾਅਵੇ ਕਰਨ ਵਾਲੇ ਲੀਡਰਾਂ ਤੇ ਨਵੇਂ ਬਣੇ ਨੇਤਾਵਾਂ ਬਾਰੇ ਗੱਲਬਾਤ ਕਰਦਿਆਂ ਰਿਟਾਇਰਡ ਨੇਵੀ ਅਫਸਰ ਬਲਦੇਵ ਸਿੰਘ, ਸੰਮਤੀ ਮੈਂਬਰ ਸ਼ਾਮ ਲਾਲ ਸੜੋਆ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੜੋਆ ਤੋਂ ਆਲੋਵਾਲ ਨੂੰ ਜਾਣ ਵਾਲੀ ਲਿੰਕ ਸੜਕ ਕਾਫੀ ਸਮੇਂ ਤੋਂ ਟੁੱਟੀ ਹੋਣ ਕਰਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਰਾਤ ਸਮੇਂ ਲੰਘਣ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਤਾਂ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ ਅਤੇ ਦੂਸਰਾ ਰਸਤਾ ਸੁੰਨ ਹੋਣ ਕਰਕੇ ਲੁੱਟ-ਖੋਹ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ। ਇਸ ਬਾਰੇ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਸੜਕ ਵਿੱਚ ਕਾਫੀ ਵੱਡੇ-ਵੱਡੇ ਖੱਡੇ ਪਏ ਹੋਣ ਕਰਕੇ ਸਕੂਲ ਨੂੰ ਪੜ੍ਹਾਉਣ ਜਾਂਦੀਆਂ ਲੇਡੀ ਟੀਚਰਾਂ ਅਤੇ ਬੱਚੇ ਕਈ ਵਾਰੀ ਇਨ੍ਹਾਂ ਪਾਣੀ ਨਾਲ ਭਰੇ ਖੱਡਿਆਂ ਵਿੱਚ ਡਿੱਗ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੇ ਨਵੇਂ ਕੱਪੜੇ ਗੰਦੇ ਹੋਣ ਦੇ ਨਾਲ-ਨਾਲ ਸੱਟਾਂ ਵੀ ਲੱਗਦੀਆਂ ਰਹਿੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਸੜਕ ਨੀਵੀਂ ਹੋਣ ਕਰਕੇ ਮੀਂਹ ਦਾ ਬਰਸਾਤੀ ਪਾਣੀ ਅਤੇ ਪਿੰਡ ਸੜੋਆ ਦਾ ਗੰਦਾ ਪਾਣੀ ਵੀ ਇਸ ਸੜਕ ’ਤੇ ਆ ਜਾਂਦਾ ਹੈ, ਜਿਸ ਨਾਲ ਸੜਕ ਟੁੱਟ ਜਾਂਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਲਾਕ ਸੜੋਆ ਦੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਇਸ ਸੜਕ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਸਕੂਲ ਨੂੰ ਆਉਣ-ਜਾਣ ਵਾਲੀਆਂ ਬੱਸਾਂ ਜਾਂ ਹੋਰ ਵਾਹਨਾਂ ਦਾ ਇੱਥੇ ਬਣੇ ਵੱਡੇ ਖੱਡਿਆਂ ਕਾਰਨ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਸਕੂਲ ਜਾਣ ਦੇ ਸਮੇਂ ਸਕੂਲ ਦੀ ਇੱਕ ਛੋਟੀ ਵੈਨ ਸੜਕ ਦੇ ਵਿਚਕਾਰ ਬਣੇ ਖੱਡੇ ਵਿੱਚ ਫਸ ਗਈ, ਜਿਸ ਨੂੰ ਬੜੀ ਮੁਸ਼ਕਿਲ ਨਾਲ ਖੱਡੇ ਵਿੱਚੋਂ ਬਾਹਰ ਕੱਢਿਆ ਗਿਆ।
ਉਨ੍ਹਾਂ ਮੰਡੀ ਬੋਰਡ ਦੇ ਅਫਸਰਾਂ ਨੂੰ ਕਿਹਾ ਕਿ ਇਸ ਨੀਵੀਂ ਸੜਕ ਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਵੱਖ-ਵੱਖ ਪਿੰਡਾਂ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਰਕਾਰ ਦੇ ਖੋਖਲੇ ਵਿਕਾਸ ਦੇ ਕੀਤੇ ਦਾਅਵਿਆਂ ਦੀ ਪੋਲ ਖੋਲ੍ਹਣ ਵਾਲਿਆਂ ਵਿੱਚ ਸੰਜੇ ਮਲਹੋਤਰਾ, ਭਜਨ ਲਾਲ, ਜਮਸ਼ੇਰ ਸਿੰਘ ਪੈਨੀ, ਦਿਲਾਵਰ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੁਮਾਰ ਪੰਚ, ਹੁਸਨ ਲਾਲ ਸਾਬਕਾ ਪੰਚ, ਧਰਮ ਪਾਲ ਸਾਬਕਾ ਪੰਚ ਅਤੇ ਹੋਰ ਹਾਜ਼ਰ ਸਨ।
ਇਸ ਸਬੰਧੀ ਜਦੋਂ ਐਸ.ਡੀ.ਓ. ਮੰਡੀ ਬੋਰਡ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸੜਕ ਵਿੱਚ ਪਏ ਖੱਡਿਆਂ ਨੂੰ ਜਲਦ ਭਰਨ ਦਾ ਕਹਿ ਕੇ ਆਪਣਾ ਪੱਲਾ ਝਾੜ ਲਿਆ।
ਆਲੋਵਾਲ ਪਿੰਡ ਤੋਂ ਕਸਬਾ ਸੜੋਆ ਨੂੰ ਜਾਣ ਵਾਲੀ ਲਿੰਕ ਸੜਕ ਦਾ ਹੋਇਆ ਮੰਦਾ ਹਾਲ
