ਰਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ 50 ਫ਼ੀਸਦ ਤਕ ਘੱਟ ਕਰਨ ਦਾ ਟੀਚਾ ਅਜੇ ਤਕ ਕਾਇਮ
"ਨਾਸਾ" ਵੱਲੋਂ ਜਾਰੀ ਸੈਟੇਲਾਈਟ ਚਿੱਤਰ ਵਿੱਚ ਪੰਜਾਬ ਦਿਖਿਆ "ਲਾਲੋ-ਲਾਲ"
ਪਟਿਆਲਾ, 30 ਅਕਤੂਬਰ- ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਰਾਲੀ ਤੇ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ 'ਚ 50 ਫ਼ੀਸਦ ਕਮੀ ਲਿਆਉਣ ਦਾ ਟੀਚਾ ਭਾਵੇਂ ਅਜੇ ਤਕ ਕਾਇਮ ਹੈ ਪਰ ਲੰਘੇ ਐਤਵਾਰ ਦੀਆਂ ਅੱਗ ਦੀਆਂ ਘਟਨਾਵਾਂ ਰਾਜ ਸਰਕਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ। ਇਸ ਦਿਨ ਖੇਤਾਂ ਵਿੱਚ 1068 ਥਾਵਾਂ 'ਤੇ ਅੱਗਾਂ ਲਾਈਆਂ ਗਈਆਂ ਅਤੇ ਅਜਿਹੀਆਂ ਘਟਨਾਵਾਂ ਵਿੱਚ 740 ਫ਼ੀਸਦ ਦਾ ਵੱਡਾ ਵਾਧਾ ਵੇਖਿਆ ਗਿਆ। ਐਤਵਾਰ ਦੀਆਂ ਘਟਨਾਵਾਂ ਸਮੇਤ ਹੁਣ ਤਕ ਖੇਤਾਂ ਵਿੱਚ ਪਰਾਲੀ ਤੇ ਰਹਿੰਦ ਖੂਹੰਦ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਕੁੱਲ 5254 ਘਟਨਾਵਾਂ ਹੋ ਚੁੱਕੀਆਂ ਹਨ ਪਰ ਇਹ ਪਿਛਲੇ ਸਾਲ ਦੀਆਂ ਘਟਨਾਵਾਂ ਤੋਂ ਲਗਭਗ ਅੱਧੀਆਂ ਹਨ। ਐਤਵਾਰ ਨੂੰ ਪੰਜਾਬ ਦੇ ਖੇਤਾਂ ਵਿੱਚ ਲੱਗੀਆਂ ਅੱਗਾਂ ਦਾ ਅਮਰੀਕੀ ਰਿਸਰਚ ਏਜੰਸੀ "ਨਾਸਾ" ਵੱਲੋਂ ਸੈਟੇਲਾਈਟ ਚਿੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਰਾਜ ਦਾ ਵੱਡਾ ਹਿੱਸਾ ਲਾਲ ਦਿਖਾਈ ਦੇ ਰਿਹਾ ਹੈ। ਭਾਵੇਂ 2022 ਅਤੇ 2021 ਦੀ ਤੁਲਨਾ ਵਿੱਚ ਇਸ ਸਾਲ ਦਾ ਆਂਕੜਾ ਕ੍ਰਮਵਾਰ 56.6 ਅਤੇ 41.6 ਫ਼ੀਸਦ ਘੱਟ ਹੈ ਪਰ ਐਤਵਾਰ ਨੂੰ ਵਧੀਆਂ ਅੱਗ ਦੀਆਂ ਘਟਨਾਵਾਂ ਚਿੰਤਾ ਦਾ ਕਾਰਨ ਹਨ। ਪੰਜਾਬ ਸਰਕਾਰ ਲਈ ਇਹ ਗੱਲ ਥੋੜ੍ਹੀ ਸੰਤੋਸ਼ਜਨਕ ਹੈ ਕਿ ਰਾਜ ਅੰਦਰ 15 ਸਤੰਬਰ ਤੋਂ 29 ਅਕਤੂਬਰ ਦੇ ਸਮੇਂ ਦੌਰਾਨ ਖੇਤਾਂ ਵਿੱਚ ਅੱਗਾਂ ਲਾਉਣ ਦੀਆਂ ਘਟਨਾਵਾਂ ਵਿਚ 57 ਫੀਸਦੀ ਦੀ ਕਮੀ ਆਈ ਹੈ।
ਇੱਕੋ ਦਿਨ ਖੇਤਾਂ ਵਿੱਚ 1068 ਥਾਵਾਂ 'ਤੇ ਲਾਈਆਂ ਗਈਆਂ ਅੱਗਾਂ ਰਾਜ ਸਰਕਾਰ ਲਈ ਚਿੰਤਾ ਦਾ ਕਾਰਨ
