ਗੜ੍ਹਸ਼ੰਕਰ: ਇਲਾਕੇ ਦੀ ਨਾਮਵਰ ਅਕਾਦਮਿਕ ਸੰਸਥਾ ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਸੁਰਿੰਦਰ ਪਾਲ ਸ਼ਰਮਾ (ਗੋਲਡ ਤੇ ਸਿਲਵਰ ਮੈਡਲਿਸਟ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ। 
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀਮਤੀ ਜਸਪ੍ਰੀਤ ਕੌਰ ਦੇ ਸੰਬੋਧਨ ਨਾਲ ਹੋਈ।ਉਪਰੰਤ ਵੱਖ ਵੱਖ ਪਰੇਡ ਟੁਕੜੀਆਂ ਨੇ ਮਾਰਚ-ਪਾਸਟ ਵਿੱਚ ਹਿੱਸਾ ਲਿਆ। ਮਸ਼ਾਲ ਪ੍ਰਚੰਡ ਕਰਨ ਦੀ ਰਸਮ ਸਕੂਲ ਦੇ ਉਹਨਾਂ ਖਿਡਾਰੀਆਂ ਦੁਆਰਾ ਨਿਭਾਈ ਗਈ ਜਿਨਾਂ ਨੇ ਜਿਲਾ-ਪੱਧਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਬੇਅੰਤ ਮੈਡਲ ਸਕੂਲ ਦੀ ਝੋਲੀ ਪਾਏ। ਸਪੋਰਟਸ ਮੀਟ ਵਿੱਚ ਅਥਲੈਟਿਕਸ ਅਤੇ ਕਸਰਤ ਕਿਰਿਆਵਾਂ ਦੇ ਵੱਖ-ਵੱਖ ਇਵੈਂਟ ਕਰਵਾਏ ਗਏ। ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲਾਂ ਨਾਲ ਨਿਵਾਜਿਆ ਗਿਆ। 
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੁਰਿੰਦਰ ਕੌਰ ਬੈਂਸ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕੀਤਾ।