ਪਟਿਆਲਾ, 31  ਜਨਵਰੀ:- ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਟਿਆਲਾ ਜੋਨ ਲਾਈ ਮਾਨਸਿਕ ਰੋਗਾਂ ਦੀ ਰੋਕਥਾਮ ਬਾਰੇ ਬੰਗ ਮੀਡੀਆ ਹਾਲ ਵਿਚ ਲਾਈ ਗਈ ਇੱਕ ਵਿਸ਼ੇਸ਼ ਵਰਕਸ਼ਾਪ ਵਿੱਚ ਤਰਕਸ਼ੀਲ ਮੈਗਜੀਨ ਦੇ ਸਾਬਕਾ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਅਤੇ ਸੁਸਾਇਟੀ ਦੇ ਸੂਬਾ ਆਗੂ ਸ੍ਰੀ ਜੁਝਾਰ ਲੌਂਗੋਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜਿਸ ਵਿੱਚ ਘਨੌਰ , ਚੰਨੋਂ ਅਤੇ ਪਟਿਆਲਾ ਜੋਨ ਦੇ ਬਹੁਤ ਸਾਰੇ ਤਰਕਸ਼ੀਲ ਮੈਂਬਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
            ਇਸ ਮੌਕੇ ਹਾਜ਼ਰ ਤਰਕਸ਼ੀਲ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਇਸ ਪੂੰਜੀਵਾਦੀ ਵਿਵਸਥਾ ਵਿਚ ਸਮਾਜ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ ਹਨ ਅਤੇ ਇਸ ਦੇ ਸਵਰੂਪ ਵੀ ਬਦਲਦੇ ਜਾ ਰਹੇ ਹਨ।
ਸੁਸਾਇਟੀ ਕੋਲ ਪਹਿਲਾਂ ਭੂਤਾਂ ਪਰੇਤਾਂ, ਟੂਣਿਆਂ ਅਤੇ ਘਰ ਵਿੱਚ ਰੋੜੇ ਵਜਣਾਂ ਜਾ ਕਪੜੇ ਕੱਟੇ ਜਾਣ ਦੇ ਕੇਸ ਆਉਂਦੇ ਸਨ  ਪਰ ਅੱਜ ਕੱਲ੍ਹ ਆਰਥਿਕ ਅਤੇ ਸਮਾਜਿਕ ਤੰਗੀਆਂ ਦੇ ਕਾਰਨ ਪੈਦਾ ਹੋਏ ਰੋਗਾਂ ਦੇ ਕੇਸ ਮਾਨਸਿਕ ਸਿਹਤ ਮਸ਼ਵਰਾ ਕੇਂਦਰਾਂ ਵਿੱਚ ਜ਼ਿਆਦਾ ਆ ਰਹੇ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਕਿ ਮੌਜੂਦਾ ਪੂੰਜੀਵਾਦੀ ਪ੍ਰਬੰਧ ਵਿਚ ਸਮਾਜੀ  ਰਿਸ਼ਤਿਆਂ ਵਿਚ ਤਨਾਉ ਵੱਧ ਰਿਹਾ ਹੈ ਜੋ ਮਾਨਸਿਕ ਰੋਗਾਂ ਲਈ ਵਡਾ ਅਧਾਰ ਪ੍ਰਦਾਨ
ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨਫੋਰਮੇਸ਼ਨ ਤਕਨਾਲੋਜੀ ਨਾਲ ਸੰਚਾਰ ਵਿਚ ਭਾਵੇਂ ਤੇਜ਼ੀ ਆਈ ਹੈ ਪਰ ਇਸ ਨੇ ਸਾਡੇ ਸਮਾਜਿਕ ਭਾਈਚਾਰੇ ਨੂੰ ਢਾਹ ਲਾਈ ਹੈ। ਅੱਜ ਦਾ ਮਨੁੱਖ ਨਿੱਜਵਾਦੀ ਹੋ ਗਿਆ ਹੈ ਤੇ ਉਹ ਆਪਣੇ ਇਲਾਕੇ ਦੀਆਂ ਸਫ਼ਾਂ ਵਿਚ ਆਣ ਜਾਣ ਘੱਟ ਕਰਕੇ ਆਪਣੇ ਘਰ ਵਿਚ  ਹੀ ਮੋਬਾਈਲ ਤੇ ਸਮਾਂ ਬਤਾਉਣ ਲੱਗਾ ਹੈ। ਇਥੋਂ ਤੱਕ ਕਿ ਇਕ ਘਰ ਦੇ ਸਾਰੇ ਜੀਅ ਆਪਣੇ ਆਪਣੇ ਮੋਬਾਈਲਾਂ ਵਿੱਚ ਰੁਝੇ ਦੇਖੇ ਜਾ ਰਹੇ ਹਨ। ਇਸ ਨਾਲ ਆਪਸੀ ਸੰਚਾਰ ਘੱਟ ਰਿਹਾ ਹੈ ਜੋ ਮਾਨਸਿਕ ਸਿਹਤ ਲਈ ਬਹੁਤ ਨੁਕਸਾਨ ਦਾਇਕ ਹੈ।
         ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ੍ਰੀ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਇਹ ਦੌਰ ਵਡੀਆਂ ਤਬਦੀਲੀਆਂ ਦਾ ਦੌਰ ਹੈ। ਸਰਮਾਏਦਾਰੀ ਆਪਣੇ ਆਪ ਨੂੰ ਪ੍ਰਫੁੱਲਿਤ ਕਰਨ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਆਪਣੇ ਮੁਨਾਫੇ ਖਾਤਰ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ
ਅਸਲ ਵਿੱਚ ਇਸ ਵੇਲੇ ਵੱਡੀ ਸਮਾਜਿਕ ਅਤੇ ਰਾਜਨੀਤਕ ਤਬਦੀਲੀ ਦੀ ਲੋੜ ਹੈ ਜਿਸ ਨਾਲ ਇਹ ਖਪਤਵਾਦੀ ਪ੍ਰਬੰਧ ਬਦਲਿਆ ਜਾ ਸਕੇ।
ਉਨਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਉਸਾਰੂ
ਮਾਹੋਲ ਤੋਂ ਵਿਰਵੇ ਰੱਖਦੇ ਹਾਂ ਤਾਂ ਸਾਡਾ ਕੱਲ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦਾ। ਉਨ੍ਹਾਂ  ਤਰਕਸ਼ੀਲਾਂ ਨੂੰ ਭਵਿੱਖ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
        ਇਸ ਵਰਕਸ਼ਾਪ ਵਿੱਚ ਜੋਨ ਮੀਡੀਆ ਮੁੱਖੀ ਆਰ ਐਸ ਬੰਗ, ਬੀਬੀ ਕੁਲਵੰਤ ਕੌਰ ਪਟਿਆਲਾ ਜੋਨ ਜਥੇਬੰਦਕ ਮੁਖੀ,ਰਾਮ ਕੁਮਾਰ ਢੱਕੜਬਾ, ਪ੍ਰੋ ਪੂਰਨ ਸਿੰਘ ਮੁਖੀ ਪਟਿਆਲਾ ਇਕਾਈ ਅਤੇ ਤਰਸੇਮ ਭਵਾਨੀਗੜ੍ਹ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ
ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ੍ਰੀ ਸਤੀਸ਼ ਕੁਮਾਰ ਆਲੋਵਾਲ, ਗੁਰਤੇਜ਼ ਸਿੰਘ ਘਨੌਰ, ਹਰਪਾਲ ਸਿੰਘ, ਉਮੇਸ਼ ਚੰਨੋਂ, ਸੁਖਦੀਪ ਚੰਨੋਂ, ਰਾਜਿੰਦਰ ਸਿੰਘ, ਗੁਰਬਚਨ ਸਿੰਘ, ਗੁਰਿੰਦਰ ਸਿੰਘ, ਜਯੋਤੀ, ਏਕਮਜੋਤ ਸਿੰਘ, ਹਰਸ਼ਪ੍ਰੀਤ ਅਤੇ ਸੁਰੇਸ਼ ਸਿੰਘ ਆਦਿ ਨੇ ਵੀ ਇਸ ਲਾਹੇਵੰਦ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਹਾਸਲ ਕੀਤੀ।