ਪਟਿਆਲਾ, 27 ਅਗਸਤ:- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਪੰਜਾਬ ਮੁਲਾਜ਼ਮ ਮੰਚ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਪਟਿਆਲਾ ਦੇ ਸਮੁੱਚੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਸਕੂਲਾਂ, ਹਸਪਤਾਲਾਂ, ਬੋਰਡਾਂ ਦੇ ਪੱਕੇ ਤੇ ਕੱਚੇ ਮੁਲਾਜ਼ਮਾਂ, ਮਾਣਭੱਤਾ ਵਰਕਰਾਂ ਅਤੇ ਫੀਲਡ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਆਪੋ-ਆਪਣੇ ਦਫ਼ਤਰਾਂ ਅੱਗੇ ਇਕੱਠੇ ਹੋਣ ਤੋਂ ਬਾਅਦ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਾਂਝੀ ਰੈਲੀ ਵਿੱਚ ਸ਼ਾਮਲ ਹੋਏ।
ਇਸੇ ਤਰ੍ਹਾਂ ਪੈਨਸ਼ਨਰ ਵੀ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਝੰਡੇ, ਬੈਨਰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਂਝੀ ਰੈਲੀ ਵਿੱਚ ਪੁੱਜੇ। ਇਸ ਰੈਲੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਸਟੇਟ ਕਰਮਚਾਰੀ ਦਲ, ਮਨਿਸਟੀਰੀਅਲ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਬਿਜਲੀ ਬੋਰਡ, ਜੇਲ੍ਹ ਵਿਭਾਗ, ਪੰਜਾਬ ਪੁਲਿਸ, ਡਾਕਟਰ ਐਸੋਸੀਏਸ਼ਨ, ਨਰਸਿੰਗ ਸਟਾਫ਼, ਮਿਡ-ਡੇ ਮੀਲ, ਆਂਗਣਵਾੜੀ, ਕਲਾਸ ਫੋਰ ਯੂਨੀਅਨ, ਡਿਪਲੋਮਾ ਇੰਜਨੀਅਰ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਅਤੇ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਫਰੀਡਮ ਫਾਈਟਰ 196 ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ।
ਅੱਜ ਹੋਈ ਰੋਸ ਰੈਲੀ ਨੂੰ ਸ੍ਰੀ ਹਰੀ ਸਿੰਘ ਟੌਹੜਾ, ਦਰਸ਼ਨ ਬੇਲੁਮਾਜਰਾ, ਬਚਿੱਤਰ ਸਿੰਘ, ਭਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਗੁਰਮੇਲ ਸਿੰਘ ਵਿਰਕ, ਸੰਤ ਸਿੰਘ ਚੀਮਾ, ਗੁਰਦੀਪ ਸਿੰਘ ਵਾਲੀਆ, ਰਾਜ ਕੌਰ, ਸੁਖਵਿੰਦਰ ਸਿੰਘ ਸੈਣੀ, ਡਾ. ਹਰੀਸ਼ ਮਲਹੋਤਰਾ, ਕਰਮਜੀਤ ਸਿੰਘ ਭਗੜਾਣਾ, ਸਵਰਨ ਸਿੰਘ ਬੰਗਾ, ਜਗਮੇਲ ਸਿੰਘ ਅਤੇ ਖੁਸ਼ਮਿੰਦਰ ਕਪਲਾ ਆਦਿ ਨੇ ਸੰਬੋਧਨ ਕਰਦਿਆਂ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਅੱਜ ਦੀ ਸਫਲ ਹੜਤਾਲ ਲਈ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕੰਧ ’ਤੇ ਲਿਖਿਆ ਪੜ੍ਹ ਲਵੇ, ਨਹੀਂ ਤਾਂ 2027 ਵਿੱਚ ਲੋਕ ਇਸ ਸਰਕਾਰ ਨੂੰ ਦਿਨ ਵਿੱਚ ਤਾਰੇ ਵਿਖਾ ਦੇਣਗੇ।
ਸਮੁੱਚੇ ਬੁਲਾਰਿਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜਣ ਦੀ ਬਜਾਏ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰੇ। ਰੋਸ ਰੈਲੀ ਤੋਂ ਬਾਅਦ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਵੱਲੋਂ ਝੰਡੇ, ਬੈਨਰ ਅਤੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਰੋਸ ਮਾਰਚ ਕੀਤਾ ਗਿਆ।
ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪੁਲਿਸ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਦਿੱਤੇ ਗਏ। ਇਸ ਤੋਂ ਗੁੱਸੇ ਵਿੱਚ ਆਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਬੈਰੀਕੇਡ ਪੁੱਟ ਕੇ ਮੰਤਰੀ ਦੀ ਕੋਠੀ ਅੱਗੇ ਜਾ ਕੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਸ ਤੋਂ ਬਾਅਦ ਮੁਲਾਜ਼ਮ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਦੀ ਕੋਠੀ ਪਹੁੰਚੇ। ਐਮ.ਐਲ.ਏ. ਕੋਹਲੀ ਵੱਲੋਂ ਮੁਜ਼ਾਹਰਾ ਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਇਸ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਪਹੁੰਚ ਕੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਜਸਵੀਰ ਸਿੰਘ ਖੋਖਰ, ਅਮਰ ਬਹਾਦਰ ਸਿੰਘ ਬਾਠ, ਜਸਵਿੰਦਰ ਪੰਜਾਬੀ, ਰਾਜਪਾਲ ਸਿੰਘ, ਸੁਸ਼ੀਲ ਕੁਮਾਰ, ਮੋਨਿਕਾ ਮਸੀਹ, ਮਨਜੀਤ ਸਿੰਘ ਚਾਹਲ, ਜਸਵਿੰਦਰ ਸੌਜਾ, ਕਮਰਜੀਤ ਸਿੰਘ, ਬੂਟਾ ਰਾਮ, ਕੁਲਜੀਤ ਸਿੰਘ, ਕਰਮਜੀਤ ਕੌਰ ਓਲਖ, ਸੁਮਨ ਜੇਈ, ਜਗਦੀਪ, ਧਨੇਰਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਪਟਿਆਲਾ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮਹਾਂ ਹੜਤਾਲ ਦੌਰਾਨ ਜ਼ੋਰਦਾਰ ਰੋਸ ਪ੍ਰਦਰਸ਼ਨ ਸਿਹਤ ਮੰਤਰੀ ਦੀ ਕੋਠੀ ਅੱਗੇ ਲਾਏ ਬੈਰੀਕੇਡ ਤੋੜੇ ਸੜਕਾਂ ਹੋਈਆਂ ਜਾਮ
