ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜੁਲਾਈ:- ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ-2026 ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 18 ਜੁਲਾਈ (ਸ਼ਨੀਵਾਰ) ਅਤੇ 19 ਜੁਲਾਈ (ਐਤਵਾਰ) ਨੂੰ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲਣਗੇ।
ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਬੂਥ ਲੈਵਲ ਅਫ਼ਸਰਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਐਨੂਮਰੇਸ਼ਨ ਫਾਰਮਾਂ ਦੀ ਕੁਲੈਕਸ਼ਨ ਅਤੇ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨਾ ਹੈ। ਇਸ ਦੌਰਾਨ ਵੋਟਰਾਂ ਨੂੰ ਆਪਣੇ ਫਾਰਮ ਜਮ੍ਹਾਂ ਕਰਵਾਉਣ ਅਤੇ ਲੋੜੀਂਦੀਆਂ ਤਰੁੱਟੀਆਂ ਦੂਰ ਕਰਵਾਉਣ ਦੀ ਵੀ ਸਹੂਲਤ ਦਿੱਤੀ ਜਾਵੇਗੀ।
ਵਿਸ਼ੇਸ਼ ਕੈਂਪਾਂ ਦੌਰਾਨ ਅੱਗੇ ਉਨ੍ਹਾਂ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿੱਥੇ ਬੀ. ਐਲ.ਓਜ਼ ਵੱਲੋਂ 100 ਫੀਸਦੀ ਐਨੂਮਰੇਸ਼ਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਉਹ ਬੀ ਐਲ ਓ, ਰਾਜਨੀਤਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਮੀਟਿੰਗਾਂ ਕਰਕੇ ਖਾਮੀਆਂ/ਗਲਤੀਆਂ ਅਤੇ ਨਾਲ ਸਬੰਧਤ ਦਾਅਵਿਆਂ/ਇਤਰਾਜ਼ਾਂ ਦਾ ਨਿਪਟਾਰਾ ਕਰਨਗੇ।
ਇਸ ਤੋਂ ਇਲਾਵਾ ਜਿਨ੍ਹਾਂ ਬੀ.ਐਲ.ਓਜ਼ ਵੱਲੋਂ ਐਨੂਮਰੇਸ਼ਨ ਫਾਰਮਾਂ ਦੀ ਕੁਲੈਕਸ਼ਨ ਨਿਰਧਾਰਿਤ ਮਾਤਰਾ ਵਿੱਚ ਨਹੀਂ ਹੋ ਸਕੀ, ਉਹ ਬਾਕੀ ਰਹਿੰਦੇ ਯੋਗ ਵੋਟਰਾਂ ਤੋਂ ਫਾਰਮ ਪ੍ਰਾਪਤ ਕਰਕੇ ਕੁਲੈਕਸ਼ਨ ਦਾ ਕੰਮ ਮੁਕੰਮਲ ਕਰਨਗੇ। ਇਸੇ ਤਰ੍ਹਾਂ ਜਿਨ੍ਹਾਂ ਵੋਟਰਾਂ ਦੇ ਐਨੂਮਰੇਸ਼ਨ ਫਾਰਮਾਂ ਵਿੱਚ ਕੋਈ ਘਾਟ ਜਾਂ ਕਮੀ ਪਾਈ ਗਈ ਹੈ, ਉਨ੍ਹਾਂ ਨੂੰ ਦੂਰ ਕਰਕੇ ਫਾਰਮਾਂ ਨੂੰ ਡਿਜੀਟਾਈਜ਼ੇਸ਼ਨ ਲਈ ਤਿਆਰ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨ ’ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਜ਼ਰੂਰ ਪਹੁੰਚਣ ਅਤੇ ਆਪਣੇ ਐਨੂਮਰੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਜਾਂ ਲੋੜੀਂਦੀਆਂ ਸੋਧਾਂ ਕਰਵਾ ਕੇ ਵੋਟਰ ਸੂਚੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਨੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਪੋਲਿੰਗ ਸਟੇਸ਼ਨਾਂ ’ਤੇ ਸਮੇਂ ਸਿਰ ਹਾਜ਼ਰ ਰਹਿ ਕੇ ਆਮ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ।
18 ਅਤੇ 19 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਲੱਗਣਗੇ ਵਿਸ਼ੇਸ਼ ਕੈਂਪ
