ਸੁਨਾਮ, 8 ਜੁਲਾਈ:- ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪੰਜਾਬ ਗਊ ਸੇਵਾ ਕਮਿਸ਼ਨ ਸੂਬੇ ਨੂੰ ਲਾਵਾਰਸ ਗਊਧਨ ਦੀ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਦ੍ਰਿੜ੍ਹਤਾ ਨਾਲ ਕੰਮ ਕਰ ਰਹੇ ਹਨ। ਇਸੇ ਤਹਿਤ ਸੁਨਾਮ ਵਿੱਚ ਪਿਛਲੇ ਕਰੀਬ 10 ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਹੁਣ ਤੱਕ 115 ਤੋਂ ਵੱਧ ਲਾਵਾਰਸ ਅਤੇ ਬੇਸਹਾਰਾ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਸਰਕਾਰੀ ਗਊਸ਼ਾਲਾ, ਝਨੇੜੀ ਵਿੱਚ ਪਹੁੰਚਾਇਆ ਜਾ ਚੁੱਕਾ ਹੈ।
ਸ਼੍ਰੀ ਕੀਮਤੀ ਭਗਤ ਨੇ ਦੱਸਿਆ ਕਿ ਇਹ ਮੁਹਿੰਮ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਹਿਨੁਮਾਈ ਅਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਵਾਰਸ ਗਊਧਨ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧਦਾ ਹੈ, ਟਰੈਫਿਕ ਪ੍ਰਭਾਵਿਤ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪੰਜਾਬ ਗਊ ਸੇਵਾ ਕਮਿਸ਼ਨ, ਪ੍ਰਸ਼ਾਸਨ ਅਤੇ ਸਥਾਨਕ ਸੰਸਥਾਵਾਂ ਆਪਸੀ ਤਾਲਮੇਲ ਨਾਲ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੰਮ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਰੋਜ਼ਾਨਾ ਔਸਤਨ 08-10 ਲਾਵਾਰਸ ਗਊਧਨ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜਲਦੀ ਹੀ ਸੁਨਾਮ ਨੂੰ ਲਾਵਾਰਸ ਗਊਧਨ ਤੋਂ ਮੁਕਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਹ ਮੁਹਿੰਮ ਸੰਗਰੂਰ, ਧੂਰੀ ਅਤੇ ਹੋਰ ਸ਼ਹਿਰਾਂ ਵਿੱਚ ਵੀ ਤੇਜ਼ੀ ਨਾਲ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸੇ ਵੀ ਸੜਕ 'ਤੇ ਲਾਵਾਰਸ ਗਊਧਨ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਇਸ ਮੁਹਿੰਮ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਹਰ ਲਾਵਾਰਸ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾ ਵਿੱਚ ਪਹੁੰਚਾ ਨਹੀਂ ਦਿੱਤਾ ਜਾਂਦਾ।
ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਤਰਜੀਹ ਸ਼ਹਿਰ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਵਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲਾਵਾਰਸ ਗਊਧਨ ਦੀ ਸਮੱਸਿਆ ਦਾ ਹੱਲ ਲੋਕਾਂ ਦੀ ਸੁਰੱਖਿਆ ਅਤੇ ਗਊਧਨ ਦੀ ਸੰਭਾਲ—ਦੋਵਾਂ ਪੱਖਾਂ ਤੋਂ ਬਹੁਤ ਜ਼ਰੂਰੀ ਹੈ। ਇਸ ਲਈ ਨਗਰ ਕੌਂਸਲ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਮੁਹਿੰਮ ਪੂਰੀ ਗੰਭੀਰਤਾ ਨਾਲ ਚਲਾਈ ਜਾ ਰਹੀ ਹੈ।
ਇਸ ਮੌਕੇ ਡਾ. ਰਾਜ ਕੁਮਾਰ ਸ਼ਰਮਾ, ਸਮਾਜ ਸੇਵਿਕਾ ਮੈਡਮ ਨੀਰੂ ਤੁਲੀ, ਵਿਭਾਗੀ ਅਧਿਕਾਰੀ, ਗਊ ਸੇਵਾ ਨਾਲ ਜੁੜੇ ਸੇਵਾਦਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।