ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਗੜ੍ਹਸ਼ੰਕਰ ਵੱਲੋਂ ਪਿੰਡ ਵਾਹਿਦਪੁਰ ਦੀ ਪੰਚਾਇਤ ਨੂੰ ਵੱਖ-ਵੱਖ ਕਿਸਮਾਂ ਦੇ ਲਗਭਗ 90 ਛਾਂਦਾਰ ਅਤੇ ਫਲਦਾਰ ਬੂਟੇ ਦਿੱਤੇ ਗਏ।
ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਸੰਸਥਾ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਨਾਗਪਾਲ ਹਸਪਤਾਲ, ਗੜ੍ਹਸ਼ੰਕਰ ਤੋਂ ਡਾ. ਆਤਮਜੀਤ ਸਿੰਘ ਨੇ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਧੀਆ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਣ।
ਸੰਸਥਾ ਦੇ ਮੈਂਬਰ ਫੂਲਾ ਸਿੰਘ ਬੀਰਮਪੁਰ, ਡਾ. ਲਖਵਿੰਦਰ ਕੁਮਾਰ ਅਤੇ ਧਰਮਜੀਤ ਸਿੰਘ ਰਾਜਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।
ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਰਾਮ, ਮਨਜੀਤ ਸਿੰਘ, ਜਸਪ੍ਰੀਤ ਸਿੰਘ, ਡਾ. ਲਖਵਿੰਦਰ ਕੁਮਾਰ, ਧਰਮਜੀਤ ਸਿੰਘ ਰਾਜਾ, ਪੁਨੀਤ ਨਾਗਪਾਲ, ਸੁਖਵੰਤ ਸਿੰਘ ਸਮੇਤ ਹੋਰ ਲੋਕ ਹਾਜ਼ਰ ਸਨ।
