ਜਲੰਧਰ:- ਅਮਰੀਕਾ ਵਿੱਚ ਰਹਿ ਚੁੱਕੇ ਉੱਘੇ ਵਿਦਵਾਨਮਹਾਰਾਜ ਕੌਲ ਅਤੇ ਵੇਦ ਪ੍ਰਕਾਸ਼ ਵਟੁਕ ਵੱਲੋਂ ਗ਼ਦਰੀ ਦੇਸ਼ ਭਗਤਾਂ ਦੀਆਂ ਸੰਖੇਪ ਜੀਵਨੀਆਂ ਉੱਤੇ ਤਿਆਰ ਕੀਤੀ ਵੱਡ ਆਕਾਰ ਦੀ ਫਾਈਲ ਅਤੇ ਮੈਗਜ਼ੀਨ “ਗ਼ਦਰ ਦੀ ਪੈੜ 2026” ਨੂੰ ਗ਼ਦਰ ਹੈਰੀਟੇਜ ਫਾਊਂਡੇਸ਼ਨ ਕੈਲੀਫੋਰਨੀਆ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤਾ ਗਿਆ।
ਅਮਰੀਕਾ ਤੋਂ ਦੇਸ਼ ਭਗਤ ਯਾਦਗਾਰ ਹਾਲ ਪਹੁੰਚੇ ਅਮਰੀਕ ਖਿਡਾਲੀਆ, ਮੱਖਣ ਬਾਸੀ ਅਤੇ ਇਕੱਤਰ ਸੋਢੀ ਨੇ ਇਹ ਨਜ਼ਰਾਨਾ ਹਾਲ ਦੇ ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਸੌਂਪਦਿਆਂ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਲੋਕ ਇਨ੍ਹਾਂ ਦਸਤਾਵੇਜ਼ਾਂ ਨੂੰ ਪੜ੍ਹ ਕੇ ਗਦਰੀ ਦੇਸ਼ ਭਗਤਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਅਮਰੀਕਾ ਤੋਂ ਤਰਲੋਚਨ ਜੌਹਲ ਅਤੇ ਗੁਰਵਿੰਦਰ ਸਲਾਣਾ ਵੀ ਆਏ ਹੋਏ ਹਨ, ਪਰ ਅਟੱਲ ਕਾਰਨਾਂ ਕਰਕੇ ਉਹ ਅੱਜ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।
ਇਸ ਮੌਕੇ ਅਮਰੀਕ ਖਿਡਾਲੀਆ, ਮੱਖਣ ਬਾਸੀ ਅਤੇ ਇਕੱਤਰ ਸੋਢੀ ਨੇ ਅਮਰੀਕਾ ਵਿੱਚ ਹਰ ਸਾਲ ਮਨਾਏ ਜਾਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ, ਵਿਚਾਰ ਚਰਚਾਵਾਂ ਅਤੇ ਪ੍ਰਕਾਸ਼ਿਤ ਸਾਹਿਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਕਮੇਟੀ ਦੇ ਸੀਨੀਅਰ ਟਰੱਸਟੀ ਅਤੇ ਮਿਊਜ਼ੀਅਮ ਕਮੇਟੀ ਦੀ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਕਮੇਟੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2026 ਵਿੱਚ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਪੂਰਾ ਵਰ੍ਹਾ ਮਨਾਈ ਜਾ ਰਹੀ ਹੈ, ਜਿਸ ਦਾ ਸਿਖਰ 1 ਨਵੰਬਰ ਨੂੰ ਮਨਾਏ ਜਾਣ ਵਾਲੇ ਮੇਲਾ ਗ਼ਦਰੀ ਬਾਬਿਆਂ ਦਾ ਸਮਾਗਮ ਵਿੱਚ ਹੋਵੇਗਾ।
ਕਮੇਟੀ ਨੇ ਇਹ ਵੀ ਦੱਸਿਆ ਕਿ ਅਮਰੀਕਾ ਰਹਿੰਦੇ ਸਾਥੀਆਂ ਅਤੇ ਗ਼ਦਰ ਹੈਰੀਟੇਜ ਫਾਊਂਡੇਸ਼ਨ ਵੱਲੋਂ ਪਹਿਲਾਂ ਵੀ ਦੋ ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਭੇਜੀ ਗਈ ਸੀ, ਜਿਸ ਲਈ ਧੰਨਵਾਦ ਕੀਤਾ ਗਿਆ।
ਅੰਤ ਵਿੱਚ ਕਮੇਟੀ ਵੱਲੋਂ ਅਮਰੀਕਾ ਤੋਂ ਆਏ ਵਫ਼ਦ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਫ਼ਦ ਦੇ ਨਾਲ ਬਲਬੀਰ ਸਿੰਘ ਮੋਗਾ, ਗੁਰਸੇਵਕ ਮੋਗਾ ਅਤੇ ਅਜਮੇਰ ਮੋਗਾ ਵੀ ਮੌਜੂਦ ਸਨ। ਸਭਨਾਂ ਨੇ ਅਮਰੀਕਾ ਅਤੇ ਪੰਜਾਬ ਵਿਚਕਾਰ ਭਵਿੱਖ ਵਿੱਚ ਸਾਂਝੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ।
