ਪਟਿਆਲਾ:- ਸ੍ਰੀ ਬੇਗ਼ਮਪੁਰਾ ਮਿਸ਼ਨ (ਰਜਿ) ਪੰਜਾਬ ਅਤੇ ਅਦਾਰਾ ਗੁਸਈਆਂ ਪਟਿਆਲਾ ਵੱਲੋਂ ਕੁਲਵੰਤ ਸਿੰਘ ਨਾਰੀਕੇ ਪ੍ਰਧਾਨ ਸ਼੍ਰੀ ਬੇਗਮਪੁਰਾ ਮਿਸ਼ਨ ਅਤੇ ਮੁੱਖ ਸੰਪਾਦਕ ਗੁਸਈਆਂ ਦੀ ਰਹਿਨੁਮਾਈ ਹੇਠ, ਸ਼ੁਸ਼ੀਲ ਪੈਲੇਸ ਪਟਿਆਲਾ ਵਿਖੇ ਸਨਮਾਨ ਅਤੇ ਵਿਸ਼ੇਸ਼ ਭਾਸ਼ਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਹਲਕਾ ਜਲੰਧਰ ਦਾ “ਸ਼੍ਰੀ ਬੇਗ਼ਮਪੁਰਾ ਪੁਰਸਕਾਰ-2026 ਅਤੇ ਉੱਘੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਦਾ “ਗੁਸਈਆਂ ਪੁਰਸਕਾਰ-2026” ਨਾਲ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਂਟ ਹਲਕਾ ਪਟਿਆਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਸੰਦੀਪ ਦੀਕਸ਼ਿਤ ਚੇਅਰਮੈਨ ਰਚਨਾਤਮਕ ਕਾਂਗਰਸ ਏ. ਆਈ. ਸੀ. ਸੀ. ਦਿੱਲੀ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਭਾਸ਼ਣ ਦਾ ਵਿਸ਼ਾ ਸੀ, ‘ਦੁਨੀਆ ਵਿੱਚ ਹਿੰਦੁਸਤਾਨ ਦੀ ਥਾਂ,
ਹਿੰਦੁਸਤਾਨ ਵਿੱਚ ਮਨੁੱਖ ਦੀ ਥਾਂ।
ਸਨਮਾਨ ਮਿਲਣ ਉਪਰੰਤ ਡਾ ਚਰਨਜੀਤ ਸਿੰਘ ਚੰਨੀ ਨੇ ਦੋਵਾਂ ਸੰਸਥਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਮਿਲਣ ਉਪਰੰਤ ਮੇਰੀ ਡਿਊਟੀ ਹੋਰ ਵੱਧ ਗਈ ਹੈ ਕਿ ਮੈਂ ਸਮਾਜ ਵਿੱਚ ਬਰਾਬਰਤਾ ਲਿਆਉਣ ਦੀ ਕੋਸ਼ਿਸ਼ ਕਰਾਂਗਾ ਅਤੇ ਲੋਕਾਈ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕਰਾਂਗਾ। ਡਾ. ਸੁਖਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਡਾ. ਨਰਿੰਦਰ ਸਿੰਘ ਸੰਧੂ ਨੇ ਡਾ. ਚਰਨਜੀਤ ਸਿੰਘ ਬਾਰੇ ਬੋਲਦਿਆਂ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ।
ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਜਗਤ ਦਾ ਸੰਜੀਦਾ ਤੇ ਸੰਵੇਦਨਾ ਭਰਪੂਰ ਚਿੰਤਕ, ਵਿਦਵਾਨ ਅਤੇ ਲੇਖਕ ਹੈ।
ਸਕਾਲਰ ਅਤੇ ਰਾਜਨੀਤਕ ਚਿੰਤਕ ਡਾ. ਰਵੀ ਸਿਨਹਾ ਦਿੱਲੀ ਨੇ ਮੁੱਖ ਬੁਲਾਰੇ ਤੇ ਤੌਰ ਤੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਭਾਰਤ ਅਤੇ ਦੁਨੀਆ ਦੀ ਸਮਾਜਿਕ ਅਤੇ ਆਰਥਿਕ ਤੌਰ ਤੇ ਤੁਲਨਾ ਕਰਦਿਆਂ ਕਿਹਾ ਭਾਰਤ ਅਜੇ ਦੁਨੀਆ ਤੋਂ ਬਹੁਤ ਪਛੜਿਆ ਹੋਇਆ ਹੈ। ਜਦੋਂ ਤੱਕ ਹਿੰਦੁਸਤਾਨ ਵਿੱਚ ਇਨਸਾਨ ਨੂੰ ਬਣਦੀ ਇੱਜ਼ਤ ਨਹੀਂ ਮਿਲਦੀ ਉਦੋਂ ਤੱਕ ਹਿੰਦੁਸਤਾਨ ਦਾ ਦੁਨੀਆ ਵਿੱਚ ਵਿਸ਼ੇਸ਼ ਸਥਾਨ ਨਹੀਂ ਬਣ ਸਕਦਾ। ਉਨ੍ਹਾਂ ਬੇਗਮਪੁਰਾ ਮਿਸ਼ਨ ਦੀ ਮਾਨਵਵਾਦੀ ਸੋਚ ਦੀ ਤਾਰੀਫ ਵੀ ਕੀਤੀ।
ਸ਼੍ਰੀ ਸੰਦੀਪ ਦੀਕਸ਼ਿਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਦੇ ਸੰਪਰਦਾਇਕ ਨਹੀਂ ਹੋਇਆ। ਬਾਕੀ ਦੇਸ਼ ਨੂੰ ਵੀ ਇਹ ਚੀਜ਼ ਪੰਜਾਬ ਤੋਂ ਸਿੱਖਣੀ ਚਾਹੀਦੀ ਹੈ। ਭੁੱਖਮਰੀ ਦੇ ਖਿਲਾਫ਼ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਜਦੋਂ ਤੱਕ ਦੇਸ਼ ਵਿੱਚ ਜ਼ੁਲਮ ਦਾ ਖਾਤਮਾ ਨਹੀਂ ਹੁੰਦਾ, ਜਦੋਂ ਤੱਕ ਨਾਬਰਾਬਰੀ ਖ਼ਤਮ ਨਹੀਂ ਹੁੰਦੀ; ਉਦੋਂ ਤੱਕ ਦੁਨੀਆ ਵਿੱਚ ਹਿੰਦੁਸਤਾਨ ਦੀ ਥਾਂ ਨਹੀਂ ਬਣ ਸਕਦੀ। ਉਨ੍ਹਾਂ ਨੇ ਸੁਰਜੀਤ ਪਾਤਰ ਦੀ ਕਵਿਤਾ ‘ਤੂੰ ਜਗਾ ਦੇ ਮੋਮਬੱਤੀਆਂ, ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ, ਉੱਠ ਜਗਾ ਦੇ ਮੋਮਬੱਤੀਆਂ’, ਤਰੰਨਮ ਵਿੱਚ ਪੇਸ਼ ਕਰਕੇ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।
ਕੁਲਵੰਤ ਸਿੰਘ ਨਾਰੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਬੇਗਮਪੁਰਾ ਮਿਸ਼ਨ ਸਮਾਜ ਵਿੱਚ ਆਰਥਿਕ, ਸਮਾਜਿਕ ਅਤੇ ਵਿਦਿਅਕ ਬਰਾਬਰਤਾ ਲਿਆਉਣ ਲਈ ਯਤਨਸ਼ੀਲ ਹੈ। ਅਤੇ ਉਨ੍ਹਾਂ ਆਈਆਂ ਸਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਕੁਝ ਚੋਣਵੇਂ ਸ਼ਾਇਰਾਂ ਨੇ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਸੰਧੂ ਅਤੇ ਮਿਸ਼ਨ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਸਾਂਝੇ ਤੌਰ ਤੇ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਦਰਬਾਰਾ ਸਿੰਘ ਹਲਕਾ ਇੰਚਾਰਜ ਪਾਤੜਾਂ, ਨਰੇਸ਼ ਦੁੱਗਲ, ਗੋਪਾਲ ਸਿੰਗਲਾ, ਗੁਰਸ਼ਰਨ ਕੌਰ ਰੰਧਾਵਾ, ਮੇਜਰ ਸਿੰਘ ਰਾਜਗੜ੍ਹ, ਰਸ਼ਪਾਲ ਸਿੰਘ ਜੌੜੇਮਾਜਰਾ, ਸ. ਜਸਵੰਤ ਸਿੰਘ ਨਿੱਜੀ ਸਹਾਇਕ ਸ਼੍ਰੀ ਧਰਮਵੀਰ ਗਾਂਧੀ, ਹਰਵਿੰਦਰ ਸਿੰਘ ਖਨੌੜਾ, ਅਵਤਾਰ ਸਿੰਘ ਨਨਹੇੜਾ, ਕੇਵਲ ਕ੍ਰਿਸ਼ਨ ਸਿੰਗਲਾ, ਮਨਦੀਪ ਸਿੰਘ ਦੰਦਰਾਲਾ ਖਰੌੜ, ਅਨਿਲ ਬਾਂਸਲ, ਪ੍ਰਸ਼ਾਂਤ ਮਿਸਰਾ, ਕੇ ਕੇ ਸਹਿਗਲ, ਸ਼ੇਰ ਸਿੰਘ ਘੁੱਲੜ, ਜੱਸੀ ਰਿਣਵਾ, ਸੰਦੀਪ ਸਿੰਗਲਾ, ਅਮਰਜੀਤ ਘੱਗਾ, ਕੁਲਵਿੰਦਰ ਸਿੰਘ ਸੁਖੇਵਾਲ, ਡਾ. ਮਹੇਸ਼ ਗੁਪਤਾ, ਗੁਰਸੇਵਕ ਸਿੰਘ ਭੰਗੂ, ਆਦਿ ਦਾ ਵੀ ਸਨਮਾਨ ਕੀਤਾ ਗਿਆ।
