ਮਾਹਿਲਪੁਰ, 10 ਨਵੰਬਰ:- ਇੱਥੋਂ ਦੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ, ਮਾਹਿਲਪੁਰ ਵਿੱਚ ਪਿ੍ਰੰਸੀਪਲ ਡਾ ਰੋਹਤਾਂਸ਼ ਦੀ ਅਗਵਾਈ ਹੇਠ ‘ਅਜੋਕੇ ਸਮੇਂ ਵਿੱਚ ਸਾਫ ਸਫਾਈ ਅਤੇ ਮਾਨਸਿਕ ਸਿਹਤ’ ਵਿਸ਼ੇ ‘ਤੇ ਇਕ ਸੈਮੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਮੁਖ ਬੁਲਾਰੇ ਵਜੋਂ ਰਾਸ਼ਟਰੀ ਮਿਲਟਰੀ ਸਕੂਲ ਚਹਿਲ ਤੋਂ ਸੇਵਾ ਮੁਕਤ ਸਿਵਲੀਅਨ ਗਜਟਿਡ ਅਫ਼ਸਰ ਅਤੇ ਸ੍ਰੀ ਸੰਜੇ ਕਰੀਰ ਨੇ ਸ਼ਿਰਕਤ ਕੀਤੀ।
ਕਾਲਜ ਦੇ ਪਿ੍ਰੰਸੀਪਲ ਡਾ ਰੋਹਤਾਂਸ਼ ਦੀ ਅਗਵਾਈ ਹੇਠ ਸ੍ਰੀ ਸੰਜੇ ਕਰੀਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਸੰਜੇ ਕਰੀਰ ਨੇ ਕਿਹਾ ਕਿ ਅੱਜ ਕੱਲ੍ਹ ਦੇ ਨੱਠ ਭੱਜ ਵਾਲੇ ਜੀਵਨ ਵਿੱਚ ਮਨੁੱਖ ਦੀ ਮਾਨਸਿਕ ਸਿਹਤ ਵਿੱਚ ਵੱਡੇ ਵਿਗਾੜ ਪੈਦਾ ਹੋ ਰਹੇ ਹਨ ਜਿਸ ਕਰਕੇ ਮਨੁੱਖ ਅਨੇਕਾਂ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦੇ ਵਿਗਾੜ ਦੇ ਅਨੇਕਾਂ ਕਾਰਨ ਹਨ ਜਿਨ੍ਹਾਂ ਵਿੱਚੋਂ ਇਕ ਮਨੁੱਖ ਦਾ ਪ੍ਰਦੂਸ਼ਿਤ ਮਾਹੌਲ ਵਿੱਚ ਰਹਿਣਾ ਅਤੇ ਕੁਦਰਤ ਤੋਂ ਟੁੱਟਣਾ ਹੈ।
ਉਨ੍ਹਾਂ ਮਾਨਸਿਕ ਸਿਹਤ ਦੇ ਵਿਗਾੜ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਮਾਨਸਿਕ ਸਿਹਤਮੰਦੀ ਨੂੰ ਬਰਕਰਾਰ ਰੱਖਣ ਸਬੰਧੀ ਮਹੱਤਵਪੂਰਨ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਾਨਸਿਕ ਤੰਦਰੁਸਤੀ ਨਾਲ ਹੀ ਸਰੀਰਕ ਸਿਹਤਮੰਦੀ ਹਾਸਿਲ ਹੋ ਸਕਦੀ ਹੈ ਅਤੇ ਮਨੁੱਖ ਆਪਣੇ ਅੰਦਰ ਸਮਾਜ ਲਈ ਪਿਆਰ, ਸਤਿਕਾਰ ਅਤੇ ਨੈਤਿਕਤਾ ਪੈਦਾ ਕਰਕੇ ਇਕ ਆਦਰਸ਼ਕ ਸਮਾਜ ਦੀ ਨੀਂਹ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਸ੍ਰੀ ਸੰਜੇ ਕਰੀਰ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪਿ੍ਰੰਸੀਪਲ ਡਾ ਰੋਹਤਾਂਸ਼ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
