ਗੜ੍ਹਸ਼ੰਕਰ 22 ਫਰਵਰੀ:- ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਬੱਬਰ ਅਕਾਲੀ ਲਹਿਰ ਦੇ ਸੌ ਸਾਲਾਂ ਸ਼ਾਨਾਮੱਤੀ ਇਤਿਹਾਸ ਨੂੰ ਸਮਰਪਿਤ ਤਿੰਨ ਰੋਜ਼ਾ ਕਲਾ ਉਤਸਵ ਅਤੇ ਪੁਸਤਕ ਮੇਲੇ ਦਾ ਆਯੋਜਨ ਮਿਤੀ 26 ਤੋਂ 28 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਖਜ਼ਾਨਚੀ ਵੀਰਇੰਦਰ ਸ਼ਰਮਾ, ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਸਮਾਰੋਹ ਦੇ ਕਨਵੀਨਰ ਡਾ ਜੇ ਬੀ ਸੇਖੋਂ, ਸਟਾਫ਼ ਸਕੱਤਰ ਡਾ ਆਰਤੀ ਸ਼ਰਮਾ, ਡਾ ਦੇਵ ਕੁਮਾਰ ਸਮੇਤ ਸਮੂਹ ਸਟਾਫ਼ ਮੈਂਬਰਾਨ ਨੇ ਇਸ ਤਿੰਨ ਰੋਜ਼ਾ ਪੁਸਤਕ ਮੇਲੇ ਅਤੇ ਕਲਾ ਉਤਸਵ ਨਾਲ ਸੰਬੰਧਿਤ ਸਮਾਂ-ਸਾਰਨੀ ਦਸਤਾਵੇਜ਼ ਰਿਲੀਜ਼ ਕੀਤੇ।
ਇਸ ਮੌਕੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸਮਾਰੋਹ ਵਿੱਚ ਵੱਖ ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਦੀਆਂ ਵਿਕਰੀ ਪ੍ਰਦਰਸ਼ਨੀਆਂ, ਕਲਾਤਮਕ ਤੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ, ਖਾਣ ਪੀਣ ਦੇ ਸਟਾਲ, ਨਾਟਕ ਦੀ ਪੇਸ਼ਕਾਰੀ ਅਤੇ ਸੱਭਿਆਚਾਰਿਕ ਵੰਨਗੀਆਂ ਹਰ ਉਮਰ ਵਰਗ ਦੇ ਸਰੋਤਿਆਂ ਦਾ ਵਿਸ਼ੇਸ਼ ਆਕਰਸ਼ਣ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਭਾਸ਼ਾ ਵਿਭਾਗ, ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਰੋਹ ਦੇ ਵੱਖ-ਵੱਖ ਸੈਸ਼ਨਾਂ ਵਿੱਚ ਵਿਦਵਾਨ ਲੇਖਕਾਂ ਵੱਲੋਂ ਪੈਨਲ ਚਰਚਾ, ਪੁਸਤਕ ਸੰਵਾਦ ਸਮਾਰੋਹ, ਪੁਸਤਕਾਂ ਲੋਕ ਅਰਪਨ,ਕਵੀ ਦਰਬਾਰ ਸਮੇਤ ਹੋਰ ਸਾਹਿਤਕ ਗਤੀਵਿਧੀਆਂ ਸਾਹਿਤ ਪ੍ਰੇਮੀਆਂ ਦੀ ਧਿਆਨ ਦਾ ਕੇਂਦਰ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਮੁੱਖ ਵਕਤਾ ਵਜੋਂ ਪ੍ਰਸਿੱਧ ਕਹਾਣੀ ਲੇਖਕ ਵਰਿਆਮ ਸੰਧੂ ਸ਼ਿਰਕਤ ਕਰਨਗੇ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਮਲਵਿੰਦਰ ਸਿੰਘ ਕੰਗ ਮੈਂਬਰ ਲੋਕ ਸਭਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤਿੰਨ ਦਿਨਾਂ ਕਲਾ ਉਤਸਵ ਵਿੱਚ ਵੱਖ ਵੱਖ ਸਿਆਸੀ ਆਗੂ ,ਸਮਾਜਿਕ ਸੱਭਿਆਚਾਰਿਕ ਅਤੇ ਸਿੱਖਿਆ ਖੇਤਰ ਦੀਆਂ ਸ਼ਖ਼ਸੀਅਤਾਂ ਅਤੇ ਸਾਹਿਤ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ।
ਕਨਵੀਨਰ ਡਾ ਜੇ ਬੀ ਸੇਖੋਂ ਨੇ ਕਿਹਾ ਕਿ ਮੇਲੇ ਦੇ ਪਹਿਲੇ ਦਿਨ ਸ਼ਾਮ ਦੇ ਸੈਸ਼ਨ ਵਿਚ ਰਾਜਵਿੰਦਰ ਸਮਰਾਲਾ ਵੱਲੋਂ 'ਰਾਹਾਂ ਵਿਚ ਅੰਗਿਆਰ ਬੜੇ ਸੀ' ਨਾਟਕ ਖੇਡਿਆ ਜਾਵੇਗਾ ਅਤੇ ਆਖ਼ਰੀ ਦਿਨ ਕਾਲਜ ਦੇ ਪੁਰਾਣੇ ਵਿਦਿਆਰਥੀ ਗਾਇਕ ਗੁਰਮੰਤਰ ਸਮੇਤ ਗਾਇਕ ਚਰਨ ਵੱਲੋਂ ਸੰਜੀਦਾ ਗਾਇਕੀ ਪੇਸ਼ ਕੀਤੀ ਜਾਵੇਗੀ। ਇਸ ਮੌਕੇ ਡਾ ਬਿਮਲਾ ਜਸਵਾਲ, ਪ੍ਰੋ ਤਜਿੰਦਰ ਸਿੰਘ, ਡਾ ਕੋਮਲ, ਡਾ ਬਲਵੀਰ ਕੌਰ, ਢਾ ਤਾਰਾ ਦੇਵੀ, ਡਾ ਰਾਕੇਸ਼ ਕੁਮਾਰ, ਡਾ ਪ੍ਰਭਜੋਤ ਕੌਰ, ਪ੍ਰੋ ਗੁਰਪ੍ਰੀਤ ਕੌਰ, ਪ੍ਰੋ ਮੀਨਾਕਸ਼ੀ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਵੀਨਾ, ਪ੍ਰੋ ਮਨਦੀਪ ਕੁਮਾਰ ਆਦਿ ਹਾਜ਼ਰ ਸਨ।
