ਗੜ੍ਹਸ਼ੰਕਰ:- ਸੰਯੁਕਤ ਕਿਸਾਨ ਮੋਰਚਾ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ 19 ਵਰੇ ਦੇ ਨੌਜਵਾਨ ਰਣਜੀਤ ਸਿੰਘ ਦੇ ਮੁਕਾਬਲੇ ਵਿਚ ਮਾਰੇ ਜਾਣ ਦੀ ਪੁਲਿਸੀਆਂ ਕਹਾਣੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਮੁਕਾਬਲੇ ਦੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਕੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ਼ ਕਰਨ ਅਤੇ ਗੁਰਦਾਸਪੁਰ ਦੇ ਐਸ ਐਸ ਪੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। 
ਪ੍ਰੈਸ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਪੁਲਿਸ ਨੂੰ ਲੋਕਾਂ ਵਿਰੁੱਧ ਜਬਰ ਕਰਨ ਦੀ ਖੁੱਲ ਦੇਣ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸੂਬੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਜਮਹੂਰੀ ਸਰਕਾਰ ਨਹੀ ਬਲਕਿ ਪੁਲਿਸ ਰਾਜ ਕਰ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਮਾਮਲੇ ਵਿੱਚ ਜਿਸ ਤਰ੍ਹਾਂ ਬਿਆਨ ਬਦਲੇ ਗਏ ਹਨ ਉਹ ਸਾਫ ਸੰਕੇਤ ਦੇ ਰਹੇ ਹਨ ਕਿ ਉਹਨਾਂ ਦਾ ਵਿਵਹਾਰ ਕਿੰਨਾ ਗੈਰ-ਜਿੰਮੇਵਾਰਾਨਾ ਹੈ। ਜੇਕਰ ਸੂਬੇ ਦੇ ਲੋਕਾਂ ਦਾ ਕਸਟੋਡੀਅਨ ਹੀ ਗੈਰ ਜਿੰਮੇਵਾਰ ਵਿਵਹਾਰ ਕਰੇਗਾ ਤਾਂ ਫਿਰ ਪੁਲਿਸ ਦੀਆਂ ਵਧੀਕੀਆਂ ਨੂੰ ਕੋਣ ਨੱਥ ਪਾਵੇਗਾ?
    ਸੰਯੁਕਤ ਕਿਸਾਨ ਮੋਰਚਾ ਨੇ ਰਣਜੀਤ ਸਿੰਘ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਰਣਜੀਤ ਸਿੰਘ ਦੇ ਮੁਕਾਬਲੇ ਸਬੰਧੀ ਪੁਲਿਸ ਵੱਲੋਂ ਘੜੀ ਗਈ ਕਹਾਣੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸਹਿਯੋਗ ਕਰੇਗਾ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਬੀਤੇ ਸਾਲ ਤੋਂ ਕਿਸਾਨਾਂ ਸਮੇਤ ਹਰ ਤਬਕੇ ਦੇ ਸੰਘਰਸ਼ਾਂ ਉਪਰ ਪੁਲਿਸ ਵੱਲੋਂ ਜਬਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਮੁਕਾਬਲਿਆਂ ਵਿੱਚ ਇੱਕੋ ਤਰ੍ਹਾਂ ਦੀ ਕਹਾਣੀ ਸੁਣਾਈ ਜਾ ਰਹੀ ਹੈ।
 ਜਬਰ ਰਾਹੀ ਲੋਕਾਂ ਦੀ ਜਮਹੂਰੀ ਆਵਾਜ਼ ਨੂੰ ਦਬਾਉਣਾ ਅਤੇ ਇੱਕੋ ਤਰ੍ਹਾਂ ਦੀ ਕਹਾਣੀ ਵਾਲੇ ਪੁਲਿਸ ਮੁਕਾਬਲੇ ਦਰਸਾਉਂਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੁਲਡੋਜਰ ਰਾਜ ਬਣਾਉਣ ਦੀ ਭਾਜਪਾਈ ਰਣਨੀਤੀ ਨੂੰ ਹੀ ਅਮਲ ਵਿੱਚ ਉਤਾਰਿਆ ਜਾ ਰਿਹਾ ਹੈ। ਮੋਰਚੇ ਨੇ ਪੰਜਾਬ ਦੇ ਹਰ ਇਨਸਾਫ ਪਸੰਦ ਬਾਸ਼ਿੰਦੇ ਨੂੰ ਇਸ ਜਬਰ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।