ਅੰਮ੍ਰਿਤਸਰ, 3 ਅਗਸਤ:- ਏਕਮ ਸਾਹਿਤ ਮੰਚ ਅੰਮ੍ਰਿਤਸਰ ਦੀ ਮੁੱਖ ਸੰਚਾਲਿਕਾ ਅਤੇ ਏਕਮ ਮੈਗਜ਼ੀਨ ਦੀ ਸੰਪਾਦਕਾ ਅਰਤਿੰਦਰ ਸੰਧੂ ਦੀ ਸਰਪ੍ਰਸਤੀ ਹੇਠ ਮੰਚ ਦੀ ਵਿਸ਼ੇਸ਼ ਸਾਹਿਤਕ ਇਕੱਤਰਤਾ ਕਰਵਾਈ ਗਈ। ਇਸ ਮੌਕੇ ਮੰਚ ਦੀ ਸਹਿਯੋਗੀ ਸੰਸਥਾ ਰਾਬਤਾ ਮੁਕਾਲਮਾ ਸਾਹਿਤ ਮੰਚ ਦੇ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਕੱਤਰਤਾ ਦੌਰਾਨ ਸਾਹਿਤਕ ਵਿਚਾਰ-ਵਟਾਂਦਰਾ, ਰਚਨਾਤਮਕ ਨੋਕ-ਝੋਂਕ ਅਤੇ ਆਉਣ ਵਾਲੇ ਸਾਹਿਤਕ ਸਮਾਗਮਾਂ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਕਵੀ ਐੱਸ. ਪ੍ਰਸ਼ੋਤਮ ਨੇ ਆਪਣੇ ਨਵੇਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਖਾਮੋਸ਼ੀਆਂ’ ਦੀਆਂ ਕਾਪੀਆਂ ਹਾਜ਼ਰ ਸਾਹਿਤਕਾਰਾਂ ਨੂੰ ਰਸਮੀ ਤੌਰ 'ਤੇ ਭੇਟ ਕੀਤੀਆਂ।
ਸਾਹਿਤਕਾਰਾਂ ਨੇ ਕਾਵਿ ਸੰਗ੍ਰਹਿ ਦਾ ਨਿੱਘਾ ਸਵਾਗਤ ਕਰਦਿਆਂ ਐੱਸ. ਪ੍ਰਸ਼ੋਤਮ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਵਿ ਸੰਗ੍ਰਹਿ ‘ਖਾਮੋਸ਼ੀਆਂ’ ਉੱਤੇ ਜਲਦੀ ਹੀ ਇੱਕ ਵਿਸ਼ੇਸ਼ ਵਿਚਾਰ-ਗੋਸ਼ਟੀ ਕਰਵਾਉਣ ਦਾ ਵੀ ਫ਼ੈਸਲਾ ਕੀਤਾ। ਇਸ ਮੌਕੇ ਐੱਸ. ਪ੍ਰਸ਼ੋਤਮ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਪ੍ਰਗਟਾਇਆ। ਇਕੱਤਰਤਾ ਦੀ ਮੇਜ਼ਬਾਨ ਅਰਤਿੰਦਰ ਸੰਧੂ ਨੇ ਸਮਾਗਮ ਦੇ ਅੰਤ ਵਿੱਚ ਚਾਹ ਪਾਰਟੀ ਦਾ ਆਯੋਜਨ ਕਰਕੇ ਸਾਰੇ ਮਹਿਮਾਨਾਂ ਦਾ ਮਿੱਠਾ ਮੂੰਹ ਕਰਵਾਇਆ।
ਸਮਾਗਮ ਵਿੱਚ ਅਰਤਿੰਦਰ ਸੰਧੂ ਤੋਂ ਇਲਾਵਾ ਉਸਤਾਦ ਗ਼ਜ਼ਲਗੋ ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ, ਸਤਵਿੰਦਰ ਸਿੰਘ ਓਠੀ, ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ ਅਤੇ ਸਾਹਿਤ, ਕਲਾ ਤੇ ਸੱਭਿਆਚਾਰਕ ਪ੍ਰਮੋਟਰ ਸਿਫ਼ਰ ਸਤਬੀਰ ਸਿੰਘ, ਮਲਕੀਤ ਸਿੰਘ ਰਾਸੀ, ਕਵਿੱਤਰੀ ਕੰਵਲਪ੍ਰੀਤ ਕੌਰ ਥਿੰਦ, ਰਾਜਖੁਸ਼ਵੰਤ ਸਿੰਘ ਸੰਧੂ ਅਤੇ ਪੰਕਜ ਸਿੰਘ ਸਮੇਤ ਅਨੇਕਾਂ ਸਾਹਿਤਕਾਰ ਹਾਜ਼ਰ ਸਨ।
ਇਸ ਦੌਰਾਨ ਸੀਨੀਅਰ ਪੱਤਰਕਾਰ, ਸਾਹਿਤਕਾਰ ਅਤੇ ਹਿੰਦ-ਪਾਕ ਦੋਸਤੀ ਲਹਿਰ ਦੇ ਉਸਰਈਏ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸਭਾ ਦੇ ਸੂਬਾਈ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਉੱਘੇ ਨਾਟਕਕਾਰ ਕੇਵਲ ਧਾਲੀਵਾਲ, ਕਥਾਕਾਰ ਮੁਖ਼ਤਾਰ ਗਿੱਲ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਅਨੁਤਾਸ਼ ਮੈਗਜ਼ੀਨ ਦੀ ਸੰਪਾਦਕਾ ਕਮਲ ਗਿੱਲ, ਮੇਘਲਾ ਮੈਗਜ਼ੀਨ ਦੇ ਸੰਪਾਦਕ ਜਤਿੰਦਰ ਔਲਖ ਅਤੇ ਅੱਖਰ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਔਲਖ ਨੇ ਵੀ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਖਾਮੋਸ਼ੀਆਂ’ ਲਈ ਐੱਸ. ਪ੍ਰਸ਼ੋਤਮ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਭੇਜੀਆਂ।
ਐੱਸ ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ਖਾਮੋਸ਼ੀਆਂ ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ
