ਨਵਾਂਸ਼ਹਿਰ - ਸੜ੍ਹਕ ਸੁਰੱਖਿਆ ਪ੍ਰਤੀ ਗੰਭੀਰਤਾ ਅਨੇਕਾਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ ਲੋੜੀਂਦੀ ਗੰਭੀਰਤਾ ਦਾ ਅਧਾਰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੇ ਉਹਨਾਂ ਦੀ ਪਾਲਣਾ ਕਰਨਾ ਹੀ ਹੈ। ਵਿਦਿਅਕ ਅਦਾਰਿਆਂ , ਪਿੰਡ ਤੇ ਸ਼ਹਿਰਾਂ ਵਿੱਚ ਸੜਕ ਸੁਰੱਖਿਆ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰਬੰਧ ਕਰਨ ਅਤੇ ਸਰਕਾਰਾਂ ਵਲੋਂ ਸੜਕਾਂ ਦੀ ਮਜ਼ਬੂਤ ਮੁਰੰਮਤ ਕਰਵਾਉਣ ਨੂੰ ਪ੍ਰਮੁੱਖ ਕੰਮਾਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਇਹ ਵਿਚਾਰ ਗੁਰਿੰਦਰ ਸਿੰਘ ਤੂਰ ਪ੍ਰਧਾਨ ਰੋਡ ਸੇਫਟੀ ਅਵੇਅਰਨੈਸ ਸੋਸਾਇਟੀ ਵਲੋਂ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ ਗਏ।
ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਡਰਾਈਵਿੰਗ ਉਮਰ ਵਿੱਚ ਪ੍ਰਵੇਸ਼ ਕਰ ਰਹੇ ਆਪਣੇ ਬੱਚਿਆਂ ਨੂੰ ਸਥਾਨਕ ਰੋਟਰੀ ਭਵਨ ਨਜ਼ਦੀਕ ਬਲੱਡ ਡੋਨਰਜ਼ ਕਲੋਨੀ ਵਿਖੇ ਬਣਾਈ ਗਈ ਸੜਕ ਸੁਰੱਖਿਆ ਪਾਰਕ ਵਿੱਚ ਜਰੂਰ ਲਿਆਉਣ ਤਾਂ ਕਿ ਉਹ ਚੰਗੇ ਡਰਾਈਵਰ ਬਣ ਕੇ ਆਪ ਵੀ ਸੁਰੱਖਿਅਤ ਰਹਿਣ ਤੇ ਹੋਰਨਾਂ ਨੂੰ ਵੀ ਸੁਰੱਖਿਆ ਦੇਣ। ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹਾਜਰ ਗੁਰਿੰਦਰ ਸਿੰਘ ਤੂਰ, ਸ.ਹਰਪ੍ਰਭਮਹਿਲ ਸਿੰਘ ਤੂਰ, ਜਸਪਾਲ ਸਿੰਘ ਗਿੱਦਾ, ਸ.ਦਿਲਬਾਗ ਸਿੰਘ ਰਿਟਾ: ਜਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਨਰਿੰਦਰਪਾਲ ਤੂਰ ਰਿਟਾ : ਪੋਸਟ ਮਾਸਟਰ, ਸ.ਮਹਿੰਦਰ ਸਿੰਘ ਦੁਆਬਾ ਮਾਰਬਲ, ਸ੍ਰੀ ਅਮਰ ਨਾਥ ਯੋਗਾ ਮਾਹਰ ਸਲੋਹ ਅਤੇ ਸ੍ਰੀ ਹਰਿੰਦਰਪਾਲ ਸਿੰਘ ਨੇ ਸੜਕ ਸੁਰੱਖਿਆ ਵਿਸ਼ੇ ਤੇ ਵਿਚਾਰ ਚਰਚਾ ਵਿੱਚ ਭਾਗ ਲਿਆ ।
ਸਰਵਸੰਮਤੀ ਨਾਲ੍ਹ ਲਏ ਫੈਸਲਿਆਂ ਅਨੁਸਾਰ ਮੁੱਖ ਰੂਪ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ੍ਹ ਵਿਦਿਅਕ ਅਦਾਰਿਆਂ ਵਿੱਚ ਸੜਕ ਸੁਰੱਖਿਆ ਕਲੱਬਾਂ ਦੀ ਸਥਾਪਨਾ ਕਰਨਾ, ਭਾਸ਼ਨ ਪ੍ਰਤੀਯੋਗਤਾਵਾਂ ਦਾ ਆਯੋਜਨ, ਪਿੰਡਾਂ ਵਿੱਚ ਵਿਸ਼ੇਸ਼ ਦਿਨਾਂ ਤੇ ਸੈਮੀਨਾਰ ਕਰਨਾ, ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਦੇ ਸਹਿਯੋਗ ਨਾਲ੍ਹ ਬਰਨਾਲਾ ਕਲਾਂ ਪਿੰਡ ਨੂੰ ਸੜਕ ਸੁਰੱਖਿਆ ਮਾਡਲ ਤੌਰ ਤੇ ਵਿਕਸਿਤ ਕਰਨਾ, ਜਾਗਰੂਕਤਾ ਪ੍ਰਭਾਤ ਫੇਰੀਆਂ ਦਾ ਆਯੋਜਨ ਕਰਨਾ ਅਤੇ ਲੋੜ ਅਨੁਸਾਰ ਜਾਗਰੂਕਤਾ ਸਾਹਿਤ ਤਕਸੀਮ ਕਰਨਾ ਆਦਿ ਸ਼ਾਮਿਲ ਹੈ। ਫੈਸਲਾ ਲਿਆ ਗਿਆ ਕਿ ਪਹਿਲਾਂ ਵਾਂਗ ਟ੍ਰੈਫਿਕ ਪੁਲਿਸ ਵਲੋਂ ਸੋਸਾਇਟੀ ਸੜਕ ਸੁਰੱਖਿਆ ਜਾਗਰੂਕਤਾ ਲਈ ਕੀਤੀਆਂ ਜਾਂਦੀਆਂ ਸਰਗਰਮੀਆਂ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਰੋਟਰੀ ਭਵਨ ਨੇੜੇ ਬਣੀ ਸੜਕ ਸੁਰੱਖਿਆ ਪਾਰਕ, ਯੁਵਾ ਪੀੜ੍ਹੀ ਨੂੰ ਸੁਰਖਿੱਆ ਪ੍ਰਤੀ ਸੰਜੀਦਾ ਕਰਦੀ ਹੈ- ਗੁਰਿੰਦਰ ਸਿੰਘ ਤੂਰ
