ਹੁਸ਼ਿਆਰਪੁਰ- ਬੀਤੇ ਦਿਨੀਂ ਸੰਤ ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਹੋਲੇ ਮੁਹੱਲੇ 'ਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਆਰਜ਼ੀ ਮਿੰਨੀ ਬਾਈਪਾਸ ਦਾ ਨਿਰਮਾਣ ਕਰਵਾ ਕੇ ਸੰਗਤਾਂ ਦੇ ਸਪੁਰਦ ਕੀਤਾ ਸੀ। ਜੋਕਿ ਆਵਾਜਾਈ ਲਈ ਕਾਫ਼ੀ ਲਾਭਕਾਰੀ ਸਾਬਤ ਹੋ ਰਿਹਾ ਹੈ। ਪਰ ਇਸ ਥਾਂ 'ਤੇ ਰੇਲਵੇ ਕਰਾਸਿੰਗ ਨਾ ਹੋਣ ਕਾਰਨ ਇਸ ਰਾਸਤੇ ਦੇ ਬੰਦ ਹੋਣ ਦੇ ਆਸਾਰ ਬਣ ਰਹੇ ਹਨ। 
ਇਸ ਥਾਂ 'ਤੇ ਪੱਕੇ ਤੌਰ ਤੇ ਰੇਲਵੇ ਕਰਾਸਿੰਗ ਬਣਾਉਣ ਸਬੰਧੀ ਅੱਜ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਸੁਭਾਸ਼ ਮੱਟੂ ਅਤੇ ਵਿਕਾਸ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਦੀ ਅਗਵਾਈ ਹੇਠ ਸਾਬਕਾ ਸਾਂਸਦ ਮੈਂਬਰ ਅਵਿਨਾਸ਼ ਰਾਏ ਖੰਨਾ ਰਾਹੀਂ ਰੇਲਵੇ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। 
ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਭਾਰੀ ਸਮੱਸਿਆ ਅਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਕਾਰਨ ਸੰਤ ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਐਸ.ਡੀ ਸਕੂਲ ਦੇ ਨਾਲ ਇੱਕ ਆਰਜ਼ੀ ਮਿੰਨੀ ਬਾਈਪਾਸ ਦਾ ਨਿਰਮਾਣ ਕਰਵਾਇਆ ਗਿਆ ਸੀ। ਜੋਕਿ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ ਅਤੇ ਰੋਜ਼ਾਨਾ ਸੈਂਕੜੇ ਵਾਹਨ ਇਥੋਂ ਲੰਘਦੇ ਹਨ। 
ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆਂ ਨੂੰ ਵੀ ਥੋੜ੍ਹੀ ਰਾਹਤ ਮਿਲੀ ਹੈ। ਇਸ ਲਈ ਇਸ ਥਾਂ 'ਤੇ ਰੇਲਵੇ ਵਿਭਾਗ ਸਥਾਈ ਤੌਰ ਤੇ ਰੇਲਵੇ ਫਾਟਕ ਦਾ ਪ੍ਰਬੰਧ ਕਰੇ ਤਾਂ ਜ਼ੋ ਲੋਕਾਂ ਨੂੰ ਇਸ ਦਾ ਲਗਾਤਾਰ ਫਾਇਦਾ ਮਿਲਦਾ ਰਿਹੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। 
ਇਸ ਮੌਕੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਤੋਂ ਇਲਾਵਾ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਕੁਲਵਿੰਦਰ ਸੰਘਾ, ਡਾਕਟਰ ਲਖਵਿੰਦਰ ਕੁਮਾਰ, ਡਾਕਟਰ ਸੋਨੀ ਬੋੜਾ,  ਚਰਨਪ੍ਰੀਤ ਸਿੰਘ ਲਾਡੀ, ਡਾਕਟਰ ਹਰਬੰਸ ਲਾਲ, ਧਰਮਜੀਤ ਸਿੰਘ ਰਾਜਾ, ਕ੍ਰਿਸ਼ਨ, ਸੁਖਵਿੰਦਰ ਸਿੰਘ,  ਹਰਭਜਨ ਲਾਲ, ਅੰਜੂ ਬਾਲਾ ਤੇ ਵਿਜੈ ਕੁਮਾਰੀ ਆਦਿ ਹਾਜਰ ਸਨ।