ਐਸ ਏ ਐਸ ਨਗਰ, 23 ਅਕਤੂਬਰ- ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੈਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਲੋਕ ਕਲਿਆਣ ਕੇਂਦਰ, ਰਾਮਗੜ੍ਹੀਆ ਸਭਾ (ਰਜਿ.) ਮੁਹਾਲੀ ਈ ਅਤੇ ਭਾਈ ਲਾਲੋ ਕੋ-ਆਪਰੇਟਿਵ ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀ (ਰਜਿ.) ਮੁਹਾਲੀ, ਦੋਵੇਂ ਵੈਲਫੇਅਰ ਕੌਂਸਲ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿਖੇ ਸੰਯੁਕਤ ਤੌਰ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ।
ਜਿਸ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸਾਬਕਾ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਹਰਮੇਸ਼ ਸਿੰਘ ਕੁੰਬੜਾ, ਜਸਪਾਲ ਸਿੰਘ, ਗੁਰਮੁੱਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਭਾਈ ਲਾਲੋ ਕੋਆਪ੍ਰੇਟਿਵ ਬੈਂਕ ਦੇ ਪ੍ਰਧਾਨ ਸ੍ਰੀ ਪ੍ਰਦੀਪ ਸਿੰਘ ਭਾਰਜ (ਐਮ.ਡੀ ਭਾਰਜ ਫੈਬਰੀਕੇਟਰ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਵਿਸ਼ੇਸ਼ ਪੂਜਾ ਅਰਚਨਾ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਐਸੋਸੀਏਸ਼ਨ ਅਤੇ ਰਾਮਗੜ੍ਹੀਆ ਸਭਾ ਦੇ ਮੈਂਬਰਾਂ ਨੇ ਭਗਵਾਨ ਵਿਸ਼ਵਕਰਮਾ ਦੀ ਤਸਵੀਰ ਅੱਗੇ ਮੱਥਾ ਟੇਕਿਆ।
ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਸਮਾਗਮ ਤੇ ਢਾਡੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਗੀ ਜੱਥਾ ਭਾਈ ਪਰਮੋਤਮ ਸਿੰਘ ਹਜ਼ੂਰੀ ਰਾਗੀ ਅਤੇ ਇਸਤਰੀ ਸਤਸੰਗ ਜੱਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਬਲਹਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਵੱਲੋਂ ਕਥਾ ਕੀਤੀ ਗਈ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਚਾਨਣ ਪਾਇਆ ਗਿਆ ਉਪਰੰਤ ਢਾਡੀ ਜੱਥਾ ਭਾਈ ਗੁਰਨਾਮ ਸਿੰਘ ਮੋਹੀ ਵੱਲੋਂ ਢਾਡੀ ਵਾਰਾਂ ਗਾਈਆਂ ਗਈਆਂ।
ਧਾਰਮਿਕ ਸਮਾਗਮ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੈਕਟਰ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਸ. ਦੀਦਾਰ ਸ ਕਲਸੀ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਨੂੰ ਧਰਤੀ ਤੇ ਕਲਾਕਾਰੀ, ਆਰਕੀਟੈਕਚਰ ਅਤੇ ਇੰਜਨੀਅਰਿੰਗ ਦੀ ਸਿਰਜਣਾ ਦਾ ਸਿਹਰਾ ਜਾਂਦਾ ਹੈ। ਉਹਨਾਂ ਕਿਹਾ ਕਿ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਬਾਬਾ ਜੀ ਦੀ ਦੇਣ ਹੈ ਅਤੇ ਬਾਬਾ ਜੀ ਦੀ ਹੋਂਦ ਤੋਂ ਬਿਨਾਂ ਇਹ ਵਿਕਾਸ ਅਸੰਭਵ ਸੀ।
ਉਨ੍ਹਾਂ ਕਿਹਾ ਕਿ ਇਹ ਦਿਵਸ ਸਾਡੇ ਬਿਹਤਰ ਭਵਿੱਖ, ਸੁਰੱਖਿਅਤ ਕੰਮ ਦੀਆਂ ਸਥਿਤੀਆਂ ਅਤੇ ਆਪੋ-ਆਪਣੇ ਖੇਤਰਾਂ ਵਿੱਚ ਸਫਲਤਾ ਹਾਸਲ ਕਰਨ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਆਪਣੀ ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਹੈ। ਸਾਨੂੰ ਆਪਸੀ ਮਤਭੇਦ ਭੁਲਾਕੇ ਸਮਾਜ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਯੋਗ ਅਗਵਾਈ ਵੀ ਕਰਨੀ ਚਾਹੀਦੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਅੱਜ ਦੇ ਸਮਾਗਮਾਂ ਵਿੱਚ ਹਵਨ ਸਮਾਗਮ ਦਾ ਪ੍ਰਬੰਧ ਸ੍ਰੀ ਵਿਜੇ ਕੁਮਾਰ ਘਈ ਵੱਲੋਂ ਕੀਤਾ ਗਿਆ। ਅਖੰਡ ਪਾਠ ਦੀ ਸੇਵਾ ਸ. ਬਲਵਿੰਦਰ ਸਿੰਘ ਬੱਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਇਸ ਮੌਕੇ ਐਸੋਸੀਏਸ਼ਨ ਦੇ ਪੰਜ ਮੈਂਬਰਾਂ ਤੀਰਥ ਸਿੰਘ, ਬਲਬੀਰ ਸਿੰਘ ਕੰਡਾਲਾ, ਭੁਪਿੰਦਰ ਸਿੰਘ ਫੇਜ਼-1, ਰਮੇਸ਼ਵਰਦੱਤ ਅਤੇ ਬਲਵਿੰਦਰ ਸਿੰਘ ਸੰਨੀ ਇਨਕਲੇਵ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਕਲਿਆਣ ਕੇਂਦਰ, ਰਾਮਗੜ੍ਹੀਆ ਸਭਾ (ਰਜਿ.) ਮੁਹਾਲੀ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਪ੍ਰਧਾਨ, ਸਾਹਿਬਜ਼ਾਦਾ ਟਿੰਬਰ ਐਂਡ ਪਲਾਈ ਦੇ ਮਾਲਕ ਨਰਿੰਦਰ ਸਿੰਘ ਸੰਧੂ, ਉਦਯੋਗਪਤੀ ਦਰਸ਼ਨ ਸਿੰਘ ਕਲਸੀ, ਡਾਕਟਰ ਸਤਿੰਦਰ ਸਿੰਘ ਭਮਰਾ ਡਾਇਰੈਕਟਰ ਜੇ.ਐਲ.ਪੀ.ਐਲ, ਬਿਲਡਰ ਸ. ਜਸਵੰਤ ਸਿੰਘ ਭੁੱਲਰ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਸ. ਕਰਮ ਸਿੰਘ ਬਬਰਾ, ਨਿਰਮਲ ਸਿੰਘ ਸਭਰਵਾਲ ਸਾਬਕਾ ਪ੍ਰਧਾਨ, ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਮਾਨ, ਸ. ਮੋਹਨ ਸਿੰਘ, ਸ. ਜੋਗਿੰਦਰ ਸਿੰਘ, ਸ. ਸੁੱਚਾ ਸਿੰਘ (ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਗੁਰਚਰਨ ਸਿੰਘ ਨੰਨੜਾ, ਨਿਰਮਲ ਸਿੰਘ (ਮੈਂਬਰ ਸਲਾਹਕਾਰ ਕਮੇਟੀ), ਬਿਕਰਮਜੀਤ ਸਿੰਘ ਹੂੰਝਣ ਜਨਰਲ ਸਕੱਤਰ ਰਾਮਗੜ੍ਹੀਆ ਸਭਾ, ਅਜੀਤ ਸਿੰਘ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਬਾਬਾ ਵਿਸ਼ਵਕਰਮਾ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ
