ਚੰਡੀਗੜ੍ਹ:- ਚੰਡੀਗੜ੍ਹ ਵਿਚ ਅੱਜ ਦੁਪਹਿਰ ਵੇਲੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਹਾਲਾਂਕਿ ਮੌਨਸੂਨ ਦੀ ਇਹ ਸਰਗਰਮੀ ਯੂਟੀ ਵਿਚ ਸਾਰੇ ਪਾਸੇ ਦੇਖਣ ਨੂੰ ਨਹੀਂ ਮਿਲੀ ਜਿਸ ਕਾਰਨ ਸ਼ਹਿਰ ਦੇ ਕਈ ਇਲਾਕੇ ਸੁੱਕੇ ਵੀ ਰਹੇ। ਦਿਨ ਦੀ ਸ਼ੁਰੂਆਤ ਕਾਫ਼ੀ ਗਰਮ ਅਤੇ ਹੁੰਮਸ ਭਰੀ ਰਹੀ ਪਰ ਮੀਂਹ ਨੇ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਆਰਜ਼ੀ ਰਾਹਤ ਦਿੱਤੀ।
ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਐਤਵਾਰ ਦੇ ਮੁਕਾਬਲੇ 2.9 ਡਿਗਰੀ ਸੈਲਸੀਅਸ ਘੱਟ ਸੀ ਪਰ ਇਹ ਅਜੇ ਵੀ ਆਮ ਨਾਲੋਂ 0.6 ਡਿਗਰੀ ਜ਼ਿਆਦਾ ਹੈ। ਘੱਟੋ-ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੀ ਰਾਤ ਦੇ ਮੁਕਾਬਲੇ 3 ਡਿਗਰੀ ਦਾ ਵਾਧਾ ਦਰਸਾਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੀਂਹ ਦੇ ਬਾਵਜੂਦ ਰਾਤਾਂ ਗਰਮ ਰਹੀਆਂ।
ਦਿਨ ਦੌਰਾਨ ਨਮੀ ਦਾ ਪੱਧਰ 71 ਫੀਸਦੀ ਤੋਂ 87 ਫੀਸਦੀ ਦਰਮਿਆਨ ਰਿਹਾ। ਸ਼ਹਿਰ ਵਿੱਚ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 9.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਇਸ ਤੋਂ ਪਹਿਲਾਂ ਦੇ 24 ਘੰਟਿਆਂ ਵਿੱਚ ਕੋਈ ਮੀਂਹ ਨਹੀਂ ਪਿਆ ਸੀ। 1 ਜੂਨ ਤੋਂ ਹੁਣ ਤੱਕ ਸੀਜ਼ਨ ਦੀ ਕੁੱਲ ਬਾਰਿਸ਼ 62.4 ਮਿਲੀਮੀਟਰ ਹੋ ਗਈ ਹੈ, ਜੋ ਕਿ ਆਮ ਨਾਲੋਂ ਅਜੇ ਵੀ 72.6 ਫੀਸਦੀ ਘੱਟ ਹੈ।