ਨਵਾਂਸ਼ਹਿਰ/ਕਾਠਗੜ੍ਹ, 28 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡ ਰੈਲ ਮਾਜਰਾ ਵਿੱਚ ਦੂਸਰਾ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ-ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਾਗਰਣ ਵਾਲੇ ਦਿਨ ਸਾਰਾ ਪਿੰਡ ਮਾਤਾ ਰਾਣੀ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਵੇਰ ਤੋਂ ਹੀ ਪਿੰਡ ਵਿੱਚ ਚਹਿਲ-ਪਹਿਲ ਸ਼ੁਰੂ ਹੋ ਗਈ ਸੀ ਅਤੇ ਦੂਰ-ਦੁਰਾਡੇ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਦੇਰ ਰਾਤ ਤੱਕ ਸਾਰਾ ਇਲਾਕਾ “ਜੈ ਮਾਤਾ ਦੀ” ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ।
ਮਾਤਾ ਰਾਣੀ ਦੀ ਪਵਿੱਤਰ ਜੋਤ ਸ੍ਰੀ ਸ਼ਕਤੀ ਪੀਠ ਨੈਣਾਂ ਦੇਵੀ ਦਰਬਾਰ ਤੋਂ ਲਿਆਂਦੀ ਗਈ। ਜੋਤ ਦੇ ਪਿੰਡ ਪਹੁੰਚਦਿਆਂ ਹੀ ਮਾਹੌਲ ਭਗਤੀਮਈ ਹੋ ਗਿਆ। ਬੈਂਡ-ਵਾਜਿਆਂ ਨਾਲ ਜੋਤ ਦਾ ਸਵਾਗਤ ਕੀਤਾ ਗਿਆ ਅਤੇ ਇਸ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਗਿਆ। ਰਸਤੇ ਵਿੱਚ ਪਿੰਡ ਵਾਸੀਆਂ ਵੱਲੋਂ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਔਰਤਾਂ ਨੇ ਜੋਤ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਇਸ ਤੋਂ ਬਾਅਦ ਜੋਤ ਨੂੰ ਜਾਗਰਣ ਪੰਡਾਲ ਵਿੱਚ ਸੁਸ਼ੋਭਿਤ ਕੀਤਾ ਗਿਆ। ਵਿਧੀਪੂਰਵਕ ਮੰਤਰ ਉਚਾਰਨ ਤੋਂ ਬਾਅਦ ਜਾਗਰਣ ਦੀ ਸ਼ੁਰੂਆਤ ਕੀਤੀ ਗਈ। ਮਾਤਾ ਰਾਣੀ ਦਾ ਸੁੰਦਰ ਭਵਨ ਵੇਖਣਯੋਗ ਸੀ, ਜਿਸ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਸੀ।
ਜਾਗਰਣ ਦੀ ਸ਼ੁਰੂਆਤ ਵਿੱਚ ਗਾਇਕ ਸ਼ੌਕੀ ਰੋਪੜ ਵਾਲਾ ਐਂਡ ਪਾਰਟੀ ਨੇ ਮਹਾਂਮਾਈ ਦੀਆਂ ਪ੍ਰਸਿੱਧ ਭੇਟਾਂ ਗਾ ਕੇ ਸੰਗਤ ਨੂੰ ਝੂਮਣ ਲਾ ਦਿੱਤਾ। ਸੰਗਤ ਨੇ ਭੇਟਾਂ ’ਤੇ ਖੂਬ ਨਾਚ ਕੀਤਾ ਅਤੇ ਮਾਤਾ ਰਾਣੀ ਦੇ ਜੈਕਾਰੇ ਲਗਾਏ। ਠੀਕ ਰਾਤ 1 ਵਜੇ ਪੰਜਾਬ ਦੀ ਮਸ਼ਹੂਰ ਭੇਟ ਗਾਇਕ ਜੋੜੀ ਧੀਮਾਨ ਸਿਸਟਰਜ਼ ਨੇ ਸਟੇਜ ਸੰਭਾਲੀ। ਉਨ੍ਹਾਂ ਨੇ ਆਪਣੀਆਂ ਮਧੁਰ ਭੇਟਾਂ ਨਾਲ ਸਾਰੇ ਪੰਡਾਲ ਨੂੰ ਭਗਤੀ ਰਸ ਵਿੱਚ ਡੋਬ ਦਿੱਤਾ ਅਤੇ ਸੰਗਤ ਨੂੰ ਨੱਚਣ ਲਈ ਪ੍ਰੇਰਿਤ ਕੀਤਾ। ਸੰਗਤ ਸਾਰੀ ਰਾਤ ਭੇਟਾਂ ’ਤੇ ਝੂਮਦੀ ਰਹੀ। ਅਖੀਰ ਵਿੱਚ ਮਾਤਾ ਤਾਰਾਂ ਰਾਣੀ ਦੀ ਕਥਾ ਨਾਲ ਜਾਗਰਣ ਦੀ ਸਮਾਪਤੀ ਹੋਈ।
ਜਾਗਰਣ ਦੌਰਾਨ ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਆਉਣ ਵਾਲੀ ਹਰ ਸੰਗਤ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਦੇ ਨੌਜਵਾਨਾਂ ਨੇ ਦਿਨ-ਰਾਤ ਸੇਵਾ ਵਿੱਚ ਹਾਜ਼ਰ ਰਹਿ ਕੇ ਜਾਗਰਣ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਸੰਗਤ ਨੇ ਪ੍ਰਬੰਧਾਂ ਦੀ ਖੂਬ ਸ਼ਲਾਘਾ ਕੀਤੀ।
ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਨਾਨਕ ਜੰਡੀ, ਪ੍ਰਧਾਨ ਸੁਰਿੰਦਰ ਛਿੰਦਾ, ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲ ਮਾਜਰਾ, ਸਰਪੰਚ ਅਨੀਤਾ, ਸੱਤਪਾਲ ਸੰਧੂ, ਸਮਾਜ ਸੇਵੀ ਸੱਜਣ ਸਿੰਘ, ਬਾਜ਼ੀਗਰ ਸਮਾਜ ਪੰਜਾਬ ਦੇ ਪ੍ਰਧਾਨ ਗੱਜਣ ਸਿੰਘ, ਜ਼ਿਲ੍ਹਾ ਪ੍ਰਧਾਨ ਰੋਹੀ ਰਾਮ, ਧਾਰਮਿਕ ਸ਼ਖ਼ਸੀਅਤਾਂ ਸਾਈਂ ਸਲੀਮ ਸ਼ਾਹ ਅਤੇ ਸਾਈਂ ਸਿਕੰਦਰ ਸ਼ਾਹ ਹਾਜ਼ਰ ਸਨ। ਪ੍ਰਬੰਧਕਾਂ ਵਿੱਚ ਕਸ਼ਮੀਰ ਸਿੰਘ, ਬਲਵੀਰ ਸਿੰਘ, ਸੱਤਪਾਲ, ਅਮਰੀਕ ਸਿੰਘ, ਜਸਪਾਲ ਜੱਸੀ, ਦਿਲਬਾਗ ਰਿੰਕੂ, ਚਮਨ ਲਾਲ, ਅਜੇ, ਪ੍ਰੇਮ ਚੰਦ, ਜਨਕ, ਸੂਰਜ, ਪਵਨ, ਜੋਜਨ, ਸੁਖਦੀਪ ਅਤੇ ਬੰਟੀ ਦਿਨ-ਰਾਤ ਸੇਵਾ ਵਿੱਚ ਹਾਜ਼ਰ ਰਹੇ।
