ਦਸੂਹਾ- ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਨਵਤੇਜ ਗੜਦੀਵਾਲਾ ਦੀ ਅਗਵਾਈ ਹੇਠ ਸਾਹਿਤ ਨੂੰ ਪਿੰਡੋਂ ਪਿੰਡ ਪੁੱਜਦਾ ਕਰਨ ਦੇ ਉਦੇਸ਼ ਨਾਲ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਪਿੰਡ ਬੋਦਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕੀਤਾ ਗਿਆ। ਜਿਸ ਵਿੱਚ ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਕਾਰਪੋਰੇਟ ਘਰਾਣਿਆਂ ਨੇ ਭਾਰਤ ਦੀ ਆਰਥਿਕਤਾ ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨਾਲ ਕਾਰਜ ਆਰੰਭ ਕੀਤੇ ਹੋਏ ਹਨ। ਇੱਥੇ ਹੀ ਬੱਸ ਨਹੀਂ ਸਗੋਂ ਪੰਜਾਬੀ ਨੂੰ ਖਤਮ ਕਰਨ ਦੇ ਇਰਾਦੇ ਨਾਲ ਨਵੇਂ ਨਵੇਂ ਫਾਰਮੂਲੇ ਖੋਜੇ ਜਾ ਰਹੇ ਹਨ ਅਤੇ ਨਵੀਂ ਭਾਸ਼ਾ ਨੀਤੀ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਪੀੜੀਆਂ ਨੂੰ ਮਾਤ ਭਾਸ਼ਾ ਤੋਂ ਵਿਰਵੇਂ ਰੱਖਿਆ ਜਾਵੇ। ਉਹਨਾਂ ਦੀ ਸਿੱਖਿਆ ਇਸ ਪ੍ਰਕਾਰ ਦੀ ਬਣਾਈ ਜਾ ਰਹੀ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਕਾਰੋਬਾਰ ਹਰ ਹਾਲ ਪ੍ਰਫੁੱਲਤ ਹੁੰਦਾ ਰਹੇ। ਸਾਹਿਤਕਾਰ ਦਾ ਇਹ ਫਰਜ਼ ਹੈ ਕਿ ਉਹ ਲੋਕ ਹਿੱਤਾਂ ਦੀ ਗੱਲ ਕਰੇ ਨਾ ਕਿ ਹਕੂਮਤਾਂ ਦਾ ਪਿੱਠੂ ਬਣੇ।
ਹਕੂਮਤਾਂ ਵੱਲੋਂ ਸੱਚ ਬੋਲਣ ਵਾਲੇ ਸਾਹਿਤਕਾਰਾਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ਨੂੰ ਸੀਖਾਂ ਪਿੱਛੇ ਭੇਜਿਆ ਜਾ ਰਿਹਾ ਹੈ। ਸਮੇਂ ਦੀ ਸੱਚਾਈ ਨੂੰ ਜਾਨਣ ਵਾਸਤੇ ਹਰ ਘਰ ਵਿੱਚ ਪੁਸਤਕਾਂ ਲਈ ਇੱਕ ਅਲਮਾਰੀ ਮੌਜੂਦ ਹੋਣੀ ਚਾਹੀਦੀ ਹੈ। ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਹਰ ਪੰਜਾਬੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਹੱਥ ਉਮਰ ਗੁੱਟ ਅਨੁਸਾਰ ਰੌਚਕ ਪੁਸਤਕਾਂ ਅਤੇ ਬਾਲ ਰਸਾਲੇ ਦੇਣੇ ਚਾਹੀਦੇ ਹਨ। ਜਦੋਂ ਬਾਲ ਵਿਦਿਆਰਥੀਆਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਹੋ ਗਈ ਫਿਰ ਆਪਣੇ ਆਪ ਲਾਇਬਰੇਰੀ ਕਲਚਰ ਪੈਦਾ ਹੋਣ ਲੱਗੇਗਾ।
ਸਭ ਦਾ ਸਵਾਗਤ ਕਰਦਿਆਂ ਪ੍ਰੋ. ਬੀ ਐਸ ਬੱਲੀ ਨੇ ਕਿਹਾ ਕਿ ਬੋਦਲ ਪਿੰਡ ਪੰਜਾਬੀ ਭਾਸ਼ਾ ,ਸੱਭਿਆਚਾਰ ਅਤੇ ਦੇਸ਼ ਕੌਮ ਦੇ ਨਿਰਮਾਤਾ ਡਾਕਟਰ ਐਮ ਐਸ ਰੰਧਾਵਾ ਦਾ ਜਨਮ ਸਥਾਨ ਹੈ ਅਤੇ ਇਸ ਪਿੰਡ ਨੇ ਭਾਈ ਗੁਲਬਾਗ ਸਿੰਘ ਅਤੇ ਦਿਲਬਾਗ ਸਿੰਘ ਵਰਗੇ ਰਾਗੀ ਅਤੇ ਚਰਨ ਸਿੰਘ ਸਫ਼ਰੀ ਵਰਗੇ ਗੀਤਕਾਰ ਪੈਦਾ ਕੀਤੇ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪ੍ਰਿੰ. ਨਵਤੇਜ ਗੜ੍ਹਦੀਵਾਲਾ, ਸੁਰਿੰਦਰ ਪਾਲ, ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਡਾ. ਅਰਮਨਪ੍ਰੀਤ ਸਿੰਘ, ਪ੍ਰੋਫੈਸਰ ਕੇਵਲ ਕਲੋਟੀ ਅਤੇ ਮੈਡਮ ਨਿਰੰਜਨ ਕੌਰ ਨੇ ਸਭ ਨੂੰ ਪੁਸਤਕਾਂ ਨਾਲ ਪ੍ਰੇਮ ਪਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਇਲਾਕੇ ਦੇ ਦੇਸ਼ ਭਗਤ ਪਰਿਵਾਰਾਂ ਦੇ ਮੈਂਬਰਾਂ ਅਤੇ ਸਾਹਿਤਕਾਰਾਂ ਦੇ ਪਰਿਵਾਰਕ ਮੈਂਬਰ ਗੁਰਪ੍ਰੀਤ ਸਿੰਘ ਸਫ਼ਰੀ ਨੂੰ ਸਨਮਾਨਿਤ ਕੀਤਾ ਗਿਆ।
ਦੂਰ ਨੇੜੇ ਦੇ ਸਕੂਲੀ ਵਿਦਿਆਰਥੀਆਂ ਅਮਨਜੋਤ ਸਿੰਘ, ਜੈਸਮੀਨ ,ਅਮਨਜੋਤ ਕੌਰ, ਨਿਵਾਰਨ ਸਿੰਘ, ਪ੍ਰਭਜੋਤ ਕੌਰ, ਅਵਨੀਤ ਕੌਰ, ਹਰਨੂਰ ਕੌਰ, ਅਨੰਤਪ੍ਰੀਤ ਕੌਰ ਆਦਿ ਨੇ ਆਪਣੀਆਂ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪੁਸਤਕਾਂ ਦੇ ਸੈੱਟ ਸਨਮਾਨ ਵਜੋਂ ਦਿੱਤੇ ਗਏ।
ਨਿੱਕੀਆਂ ਕਰੂੰਬਲਾਂ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਨਰੋਏ ਅਤੇ ਰੌਚਕ ਸਾਹਿਤ ਨਾਲ ਨਹੀਂ ਜੋੜਦੇ ਉਦੋਂ ਤੱਕ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਦਾ। ਇਸ ਸਮਾਗਮ ਵਿੱਚ ਸਾਹਿਤਕਾਰ ਜੀਵਨ ਚੰਦੇਲੀ , ਸਮਰਜੀਤ ਸਿੰਘ ਸ਼ੰਮੀ, ਗੀਤਕਾਰ ਸੁਖਜੀਤ ਝਾਂਸਾਵਾਲਾ ਸਮੇਤ ਇਲਾਕੇ ਦੇ ਪੰਚ, ਸਰਪੰਚ ਵਿਦਿਆਰਥੀ, ਅਧਿਆਪਕ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
ਪੰਜਾਬੀ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਆਪਣਾ ਯੋਗਦਾਨ ਪਾਉਣ ਦਾ ਸੱਦਾ
