ਅੰਬਾਲਾ, 15 ਅਕਤੂਬਰ (ਆਰ. ਸਿੰਘ):- ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਅੱਜ 15 ਅਕਤੂਬਰ ਨੂੰ ਕੀਤੇ ਗਏ ਪੰਜਾਬ ਬੰਦ ਦਾ ਅਸਰ ਅੰਬਾਲਾ ਵਿੱਚ ਵੀ ਨਜ਼ਰ ਆਇਆ। ਅੰਬਾਲਾ ਛਾਉਣੀ ਦੇ ਬੱਸ ਸਟੈਂਡ ਤੋਂ ਸਵੇਰੇ ਹਰਿਆਣਾ ਰੋਡਵੇਜ਼ ਦੀਆਂ ਕੁਝ ਬੱਸਾਂ ਪੰਜਾਬ ਲਈ ਰਵਾਨਾ ਹੋਈਆਂ, ਪਰ ਇਸ ਤੋਂ ਬਾਅਦ ਜ਼ਿਆਦਾਤਰ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ।

 ਅੰਬਾਲਾ ਛਾਉਣੀ ਦੇ ਬੱਸ ਸਟੈਂਡ ’ਤੇ ਫਸੇ ਮੁਸਾਫ਼ਰਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਬੱਸਾਂ ਨਾ ਤਾਂ ਪੰਜਾਬ ਜਾ ਰਹੀਆਂ ਹਨ ਅਤੇ ਨਾ ਹੀ ਪੰਜਾਬ ਤੋਂ ਆ ਰਹੀਆਂ ਹਨ। ਯਾਤਰੀਆਂ ਨੇ ਆਪਣੀ ਪਰੇਸ਼ਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਬੰਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। 

ਪੰਜਾਬ ਜਾ ਰਹੇ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਘੰਟਿਆਂ ਤੋਂ ਅੰਬਾਲਾ ਛਾਉਣੀ ਦੇ ਬੱਸ ਅੱਡੇ ’ਤੇ ਖੜ੍ਹਾ ਹੈ, ਪਰ ਕੋਈ ਬੱਸ ਨਹੀਂ ਆ ਰਹੀ, ਜਿਸ ਕਾਰਨ ਉਸ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇਸੇ ਤਰ੍ਹਾਂ ਲਖਨਊ ਤੋਂ ਆਏ ਇੱਕ ਯਾਤਰੀ ਨੇ ਕਿਹਾ ਕਿ ਉਹ ਕਈ ਘੰਟਿਆਂ ਤੋਂ ਪਟਿਆਲਾ ਜਾਣ ਵਾਲੀ ਬੱਸ ਦੀ ਉਡੀਕ ਕਰ ਰਿਹਾ ਹੈ, ਪਰ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਬੰਦ ਹੈ ਅਤੇ ਬੱਸਾਂ ਅੱਗੇ ਨਹੀਂ ਜਾ ਰਹੀਆਂ ਹਨ।