ਨਵਾਂਸ਼ਹਿਰ- ਅੱਜ ਕੌਮਾਂਤਰੀ ‘ਮਾਂ ਬੋਲੀ ਦਿਵਸ’ ਮੌਕੇ ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਸੇਖੋਂ ਦੇ ਬੈਨਰ ਹੇਠ ਪੰਜਾਬੀ ਬੋਲੀ  ਦੇ ਪ੍ਰਚਾਰ ਪ੍ਰਸਾਰ ਲਈ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ ਦੀ ਅਗਵਾਈ ਵਿੱਚ ਦਿੱਤਾ ਗਿਆ।
ਇਹਨਾਂ  ਮੰਗਾਂ ਵਿੱਚ ਵਿੱਚ ਸੂਬੇ ਅੰਦਰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਵਜੋਂ ਸ਼ਾਮਲ ਕਰਨ, ਅਦਾਲਤਾਂ ਵਿੱਚ ਪੰਜਾਬੀ ਦੀ ਵਰਤੋਂ ਕਰਨ, ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਪੇਂਡੂ ਖਿੱਤੇ ਦੀਆਂ ਸਾਹਿਤਕ ਸਭਾਵਾਂ ਨੂੰ ਗਰਾਟਾਂ ਜਾਰੀ ਕਰਨ ਆਦਿ ਪੱਖਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ।
         ਇਸ ਸਬੰਧੀ ਸੰਸਥਾ ਦੇ ਪ੍ਰਧਾਨ ਦਰਸ਼ਨ ਦਰਦੀ ਅਤੇ ਜਨਰਲ ਸਕੱਤਰ ਤਰਸੇਮ ਸਾਕੀ ਨੇ ਦੱਸਿਆ ਕਿ ਇਹਨਾਂ ਮੁੱਦਿਆਂ ਨੂੰ ਪਹਿਲਾਂ ਵੀ ਕਈ ਵਾਰ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਅਤੇ ਦਰਜ-ਬ-ਦਰਜ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ  ਮੰਗ ਪੱਤਰ ਭੇਜੇ ਗਏ ਹਨ ਪਰ ਕਦੇ ਵੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ।
       ਸੰਸਥਾ ਵਲੋਂ ਦਰਜ ਬਾਕੀ ਮੰਗਾਂ ਵਿੱਚ ਲੇਖਕਾਂ ਦੀਆਂ ਜ਼ਿਲ੍ਹਾ ਪੱਧਰੀ ਸਾਂਝੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ, ਪੇਂਡੂ ਖਿੱਤੇ ਵਿੱਚ ਲਾਇਬਰੇਰੀਆਂ ਸਥਾਪਿਤ ਕਰਨ, ਸੰਪਰਕ ਸੜਕਾਂ ’ਤੇ ਲੱਗੇ ਸੰਕੇਤਕ ਬੋਰਡਾਂ ਉੱਤੇ ਪੰਜਾਬੀ ਦੇ ਸ਼ਬਦ ਜੋੜ ਸਹੀ ਕਰਾਉਣ, ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਣ ਤੇ ਬਣਦੀ ਕਾਰਵਾਈ ਕਰਨ ਅਤੇ ਲੇਖਕਾਂ ਨੂੰ ਹਰਿਆਣਾ ਸਰਕਾਰ  ਦੀ ਤਰ੍ਹਾਂ ਮੁਫ਼ਤ ਬਸ ਸਫ਼ਰ ਦੀ ਸਹੂਲਤ ਦਿੱਤੇ ਜਾਣ ਦੀ ਲੋੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦਰਸ਼ਨ ਦਰਦੀ, ਤਰਸੇਮ ਸਾਕੀ ਜਨਰਲ ਸਕੱਤਰ,ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਦੇਸ ਰਾਜ ਬਾਲੀ ਸਕੱਤਰ,ਸਲਾਹਕਾਰ ਬਹਾਦਰ ਚੰਦ ਅਰੋੜਾ, ਪ੍ਰੈੱਸ ਸਕੱਤਰ ਵਾਸਦੇਵ ਪਰਦੇਸੀ, ਆਦਿ ਹਾਜ਼ਰ ਸਨ ਸਨ।