ਐਸ ਏ ਐਸ ਨਗਰ, 27 ਨਵੰਬਰ:- ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਬਾਬਾ ਫਤਿਹ ਸਿੰਘ ਨਗਰ ਅਤੇ ਗੋਲਡਨ ਸਿਟੀ ਦੇ ਵਸਨੀਕਾਂ ਨੇ ਏ ਡੀ ਸੀ ਗੀਤਿਕਾ ਸਿੰਘ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਅਨਾਜ ਮੰਡੀ ਦੇ ਗੇਟ ਦੇ ਨੇੜੇ ਗੈਰ ਕਾਨੂੰਨੀ ਤੌਰ ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਅਤੇ ਇਸ ਦੇ ਨਾਲ ਬਣੇ ਅਹਾਤੇ ਨੂੰ ਬੰਦ ਕਰਵਾਇਆ ਜਾਵੇ। 
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਠੇਕੇ ਅਤੇ ਅਹਾਤੇ ਕਾਰਨ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਦਾ ਸਾਹਮ੍ਹਣਾ ਕਰਨਾ ਪੈਂਦਾ ਹੈ। ਆਮ ਸਮੇਂ ਬਹੁਤ ਸ਼ਰਾਬਾ ਹੁੰਦਾ ਹੈ ਅਤੇ ਖਾਸ ਕਰਕੇ ਇਸਤਰੀਆਂ ਵਾਸਤੇ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਕਲੋਨੀਆਂ ਦਾ ਇਹ ਹੀ ਰਸਤਾ ਹੈ, ਇਸ ਲਈ ਇਸ ਠੇਕੇ ਨੂੰ ਇਸ ਥਾਂ ਤੋਂ ਚੁਕਵਾਇਆ ਜਾਵੇ।
 ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ “ਯੁਵਾ ਨਸ਼ਾ ਮੁਕਤ ਪੰਜਾਬ” ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇ ਸ਼ਰਾਬ ਦੇ ਨਜਾਇਜ਼ ਠੇਕੇ ਧੜਾਧੜ ਖੁੱਲ ਰਹੇ ਹਨ, ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜੇਕਰ ਜਲਦ ਇਸ ਠੇਕੇ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਸਾਰੇ ਨਗਰ ਨਿਵਾਸੀ ਅਤੇ ਸਮੂਹ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਆਗੂ ਅਤੇ ਅਹੁਦੇਦਾਰ ਇਸ ਵਿਰੁੱਧ ਵੱਡਾ ਸੰਘਰਸ਼ ਕਰਨਗੇ। 
ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕੋਈ ਉਚਿਤ ਕਾਰਵਾਈ ਨਹੀਂ ਕੀਤੀ, ਸਿਰਫ ਖਾਨਾਪੂਰਤੀ ਲਈ ਮੁਹਿੰਮਾਂ ਚਲਾ ਕੇ ਆਪਣੀ ਜਨਤਕਤਾ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸੂਬੇ ਦੇ ਰਾਜਨੀਤਿਕ ਲੀਡਰ ਸੂਬੇ ਦੀ ਭ੍ਰਿਸ਼ਟ ਅੰਸਰਾਂ ਨਾਲ ਮਿਲ ਕੇ ਸ਼ਰਾਬ ਦਾ ਨਜਾਇਜ਼ ਧੰਦਾ ਕਰ ਰਹੇ ਹਨ। 
ਉਹਨਾਂ ਕਿਹਾ ਕਿ ਜੇਕਰ ਜਲਦ ਇਸ ਨਜਾਇਜ਼ ਠੇਕਿਆਂ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਕਾਨੂੰਨੀ ਲੜਾਈ ਸ਼ੁਰੂ ਕਰਨਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਗੁਰਵੰਤ ਸਿੰਘ, ਦਰਸ਼ਨ ਸਿੰਘ ਖੇੜਾ, ਗੁਰਮੇਲ ਸਿੰਘ, ਗੁਰਦਰਸ਼ਨ ਸਿੰਘ, ਨਛੱਤਰ ਸਿੰਘ, ਚਰਨ ਸਿੰਘ ਲੌਂਗੋਵਾਲ, ਜਥੇਦਾਰ ਫੌਜਾ ਸਿੰਘ, ਜੋਗਿੰਦਰ ਸਿੰਘ ਮਾਨਹੇੜੀ ਆਦਿ ਹਾਜ਼ਰ ਸਨ।