ਨਵਾਂਸ਼ਹਿਰ- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਅਤੇ ਵਾਤਾਵਰਨ ਦਿਵਸ ਦੇ ਮੌਕੇ 'ਤੇ ਬੰਗਾ ਰੋਡ, ਨਵਾਂਸ਼ਹਿਰ ਦੇ ਡਿਵਾਈਡਰ ਤੇ 50 ਤੋ ਵੱਧ ਬੂਟੇ ਲਗਾਏ ਗਏ । 
ਪਲਾਂਟੇਸਨ   ਡਰਾਈਵ ਮੂਹਿੰਮ ਦੀ ਸ਼ੁਰੂਆਤ ਗੁ: ਮੰਜੀ ਸਾਹਿਬ ਬੰਗਾ ਰੋਡ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਜੀ, ਮਿਉਂਸਪਲ ਕਮੇਟੀ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ, ਅਰੋੜਾ ਸਭਾ, ਨਵਾਂਸ਼ਹਿਰ ਦੇ ਪ੍ਰਧਾਨ ਸ਼੍ਰੀ ਰਾਜਨ ਅਰੋੜਾ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਮੈਂਬਰ ਨੇ ਵੱਖ ਵੱਖ ਤਰਾਂ ਦੇ ਬੂਟੇ ਲਗਾ ਕੇ ਕੀਤੀ । ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਸੁਸਾਇਟੀ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦਿਵਸ ਮਨਾਉਂਦੇ ਹੋਏ ਅਤੇ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿਚ ਬੂਟੇ ਲਗਾਏ ਗਏ ।
 ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਨਾ ਭੁੱਲਣਜੋਗ ਹੈ । ਹਰ ਸਾਲ ਦੀ ਤਰ੍ਹਾਂ ਬੂਟੇ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ । ਉਨ੍ਹਾਂ ਕਿਹਾ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਇਸ ਮਕਸਦ ਨਾਲ ਸੰਸਾਰ ਭਰ 'ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ 'ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਅਸੀਂ ਵੱਧ ਤੋਂ ਵੱਧ ਰੁੱਖ ਲਗਾਕੇ, ਪ੍ਰਦੂਸ਼ਣ ਘਟਾਕੇ, ਪਲਾਸਟਿਕ ਦੀ  ਰੋਕਥਾਮ ਕਰਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾ ਸਕਦੇ ਹਾਂ । 
ਵਿਸ਼ਵ ਵਾਤਾਵਰਣ ਦਿਵਸ 'ਤੇ, ਹਰ ਕਿਸੇ ਨੂੰ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਸਾਨੂੰ ਆਪਣੇ ਗੁਰੂਆਂ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਹਵਾ, ਪਾਣੀ ਅਤੇ ਧਰਤੀ ਪ੍ਰਤੀ ਆਪਣੇ ਫਰਜ਼ ਪੂਰੇ ਕਰਨੇ ਚਾਹੀਦੇ ਹਨ। ਇਸ ਮੌਕੇ ਸ਼੍ਰੀ ਰਾਜਨ ਅਰੋੜਾ ਨੇ ਕਿਹਾ ਕਿ  ਗਲੋਬਲ ਵਾਰਮਿੰਗ ਦੇ ਕਾਰਨ ਗਲੈਸੀਅਰ ਪਿਘਲ ਰਹੇ ਹਨ ਅਤੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਕਿਉਂਕਿ ਵਾਤਾਵਰਨ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ, ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਤੇ ਪਲਾਸਟਿਕ ਦੀ ਵਰਤੋਂ ਵੱਧ ਹੋ ਰਹੀ ਹੈ ਜਿਸ ਕਾਰਨ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।
 ਉਨ੍ਹਾਂ ਕਿਹਾ ਕਿ ਸਾਨੂੰ ਘੱਟੋ ਘੱਟ ਇੱਕ ਕਿਲੋਮੀਟਰ ਪੈਦਲ ਚੱਲਣਾ ਅਤੇ ਸਾਈਕਲ ਚਲਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਦੇ ਨਾਲ ਨਾਲ ਸਾਡਾ ਸਰੀਰ ਵੀ ਫਿੱਟ ਰਹੇਗਾ ਅਤੇ ਵਾਤਾਵਰਨ ਘੱਟ ਪ੍ਰਦੂਸ਼ਿਤ ਹੋਵੇਗਾ ਇਸ ਲਈ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।ਉਹਨਾਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਵਾਤਾਵਰਨ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਇਸ ਮੌਕੇ ਕਮੇਟੀ ਘਰ, ਨਵਾਂਸ਼ਹਿਰ ਦੇ ਨਵੇਂ ਨਿਯੁਕਤ ਕਮੇਟੀ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਜੀ ਨੇ ਕਿਹਾ ਰੁੱਖਾਂ ਦੇ ਕੱਟਣ ਨਾਲ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਇੱਕ-ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। 
ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੇ ਉਨਾਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ। ਸੁਸਾਇਟੀ ਵੱਲੋਂ ਨਵਾਂਸ਼ਹਿਰ ਵਿਖੇ ਡਿਵਾਈਡਰਾਂ ਤੇ ਜੋ ਪਿਛਲੇ ਤਿੰਨ ਸਾਲਾਂ ਤੋਂ ਬੂਟੇ ਲਗਾਏ ਗਏ ਹਨ ਬਹੁਤ ਹੀ ਸ਼ਲਾਗਾਯੋਗ ਕੰਮ ਕੀਤਾ ਗਿਆ ਹੈ। ਇਹਨਾਂ ਨੇ ਬੂਟੇ ਲਗਾਏ ਹੀ ਨਹੀਂ ਸਗੋਂ ਉਹਨਾਂ ਦੀ ਦੇਖਭਾਲ ਵੀ ਕਰਕੇ ਸ਼ਹਿਰ ਨੂੰ ਬਹੁਤ ਹੀ ਵਧੀਆ ਸੌਗਾਤ ਦਿੱਤੀ ਹੈ । ਸੁਸਾਇਟੀ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਦੇ ਨਾਲ ਕਮੇਟੀ ਘਰ ਨਵਾਂਸ਼ਹਿਰ ਦੀ ਸਾਰੀ ਟੀਮ ਇਹਨਾਂ ਦੇ ਨਾਲ ਹਮੇਸ਼ਾ ਖੜੀ ਹੈ ।
 ਇਸ ਮੌਕੇ ਜਥੇਦਾਰ ਬਾਬਾ ਨਰੰਗ ਸਿੰਘ, ਕੌਂਸਲਰ ਸ਼੍ਰੀ ਬਲਵਿੰਦਰ ਕੁਮਾਰ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਹਰਮਨਜੀਤ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਜਵੰਸ਼ ਸਿੰਘ ਬੇਦੀ, ਪੀਹਰਨਿਤ ਕੌਰ, ਰਹਿਮਤ ਕੌਰ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਆਜ਼ਾਦ ਅਤੇ ਸੁਮਿਤ ਸਿੰਘ ਆਦਿ ਹਾਜ਼ਰ ਸਨ ।