ਨਵਾਂਸ਼ਹਿਰ:- ਅੱਜ ਇੱਥੇ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਮਿਸ਼ਨ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿਚ ਪੈਂਨਸ਼ਨਰਜ ਦੇ ਮਸਲਿਆਂ ਅਤੇ ਮੰਗਾਂ ਸਬੰਧੀ ਜੱਥੇਬੰਦੀ ਵਲੋਂ ਕੀਤੇ ਜਾ ਰਹੇ ਸ਼ੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ। 
ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਸਰਕਲ ਆਗੂ ਨਿਰੰਜਨ ਕੰਗਾਂ, ਵਿਜੇ ਬਾਲੀ, ਡਵੀਜਨਲ ਆਗੂ ਸ਼ੰਭੂ ਨਰਾਇਣ, ਜੁਗਿੰਦਰ ਬੇਗਮਪੁਰ, ਪਰੇਮ ਚਣਕੋਆ, ਪਰੇਮ ਸ਼ਹਾਬ ਪੁਰ, ਸਤਪਾਲ ਭਾਟੀਆ, ਸ਼ਿਵਰਾਜ, ਇੰਦਰਜੀਤ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ, ਮਨਰੇਗਾ ਕਾਮਿਆਂ ਅਤੇ ਬਰਨਾਲਾ ਵਿਚ ਸਫਾਈ ਕਰਮਚਾਰੀਆਂ ਉਤੇ ਸਰਕਾਰਾਂ ਵਲੋਂ ਕਰਵਾਏ ਗਏ ਵਹਿਸ਼ੀਆਨਾ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕੀਤਾ। 
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਸ਼ੰਘਰਸ਼ ਮੁਤਾਬਿਕ 7 ਅਗਸਤ ਨੂੰ ਚੰਡੀਗੜ੍ਹ 39 ਸੈਕਟਰ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ ਵਿਰੋਧੀ ਨੀਤੀਆਂ ਨੂੰ ਠੱਲ੍ਹ ਪਾਈ ਜਾ ਸਕੇ। 
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਸਾਰੇ ਸਟੇਟਾਂ ਵਲੋਂ ਮਹਿਗਾਈ ਭੱਤਾ ਸੈਂਟਰ ਦੀ ਤਰਜ ਤੇ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਮਹਿਗਾਈ ਭੱਤੇ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਲਈ ਹਰ ਹੀਲਾ ਵਸੀਲਾ ਵਰਤ ਰਹੀ ਹੈ। ਪੰਜਾਬ ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਕਮ ਚੰਦ, ਦੇਵ ਰਾਜ ਸੁੱਜੋਂ, ਰਾਮ ਲੁਭਾਇਆ, ਗੁਰਸ਼ਰਨਪਾਲ ਸਿੰਘ, ਨਿਰਮਲ ਸਿੰਘ, ਮਦਨ ਬਿਛੌੜੀ, ਇਕਬਾਲ ਸਿੰਘ, ਜਰਨੈਲ ਭਾਰਟਾ, ਸਵਰਨ ਦਾਸ, ਜੁਗਿੰਦਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਵੀਜਨਲ ਸਕੱਤਰ ਮਦਨ ਲਾਲ ਰਾਮਰਾਏ ਪੁਰ ਵਲੋਂ ਨਿਭਾਈ ਗਈ।