ਭਵਾਨੀਗੜ੍ਹ, 17 ਅਗਸਤ:- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, ਲੁਧਿਆਣਾ ਦੀ ਅਗਵਾਈ ਹੇਠ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਅਭਿਆਸਾਂ ਤੋਂ ਜਾਣੂ ਕਰਵਾਉਣ ਲਈ ਪਿੰਡ ਬਾਲਦ ਕਲਾਂ ਅਤੇ ਰਾਜਪੁਰਾ, ਬਲਾਕ ਭਵਾਨੀਗੜ੍ਹ ਵਿਖੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਦੋਵਾਂ ਪਿੰਡਾਂ ਦੇ ਕੁੱਲ 50 ਕਿਸਾਨਾਂ ਨੇ ਭਾਗ ਲਿਆ। ਜਿਹਨਾਂ ਨੂੰ ਵੱਖ-ਵੱਖ ਤਰੀਕਿਆਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ।
ਡਾ: ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਟ੍ਰੇਨਿੰਗ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਮੌਜੂਦਾ ਸਥਿਤੀ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਹੱਤਤਾ ਅਤੇ ਵਾਤਾਵਰਣ ਦੇ ਨਾਲ-ਨਾਲ ਮਿੱਟੀ ਦੀ ਸਿਹਤ 'ਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਣ ਲਈ ਫ਼ਸਲੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਮਿਲਾਉਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਦੇ ਵੱਖ-ਵੱਖ ਤਰੀਕਿਆਂ ਦੇ ਆਰਥਿਕ ਲੇਖੇ-ਜੋਖੇ ਦੀ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੇ.ਵੀ.ਕੇ., ਸੰਗਰੂਰ ਵਿਖੇ ਕਿਸਾਨਾਂ ਲਈ "ਸੀ.ਆਰ.ਐਮ. ਮਸ਼ੀਨਰੀ ਬੈਂਕ" ਸਥਾਪਿਤ ਕੀਤਾ ਗਿਆ ਹੈ। ਜਿਥੋਂ ਸੀਮਾਂਤ ਅਤੇ ਛੋਟੇ ਕਿਸਾਨ ਵਾਜਬ ਕਿਰਾਏ 'ਤੇ ਖੇਤੀ ਮਸ਼ੀਨਰੀ ਲੈ ਕੇ ਆਪਣੇ ਖੇਤਾਂ ਵਿੱਚ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਲਗਾਈਆਂ ਜਾਣ ਵਾਲੀਆਂ ਕਿੱਤਾਮੁਖੀ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਕੀਤੀ।
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਨੇ ਸਿਖਲਾਈ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਖੇਤ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਐਸ.ਐਮ.ਐਸ. ਯੁਕਤ ਕੰਬਾਈਨ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਮਲਚਰ, ਕਟਰ-ਕਮ-ਸਪ੍ਰੈਡਰ ਅਤੇ ਪਲਟਾਊ ਹਲਾਂ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ। ਉਨ੍ਹਾਂ ਖੇਤ ਵਿੱਚ ਵੱਖ-ਵੱਖ ਮਸ਼ੀਨਰੀ ਦੀ ਵਰਤੋਂ ਸਬੰਧੀ ਕਿਸਾਨਾਂ ਦੇ ਡਰ ਅਤੇ ਸ਼ੰਕਿਆਂ ਨੂੰ ਵੀ ਦੂਰ ਕੀਤਾ।
ਡਾ: ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਦੇ ਸੁਧਰੇ ਕਾਸ਼ਤਕਾਰੀ ਢੰਗਾਂ, ਨਦੀਨ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।
ਡਾ. ਇੰਦਰਜੀਤ ਸਿੰਘ ਭੱਟੀ, ਬਲਾਕ ਖੇਤੀਬਾੜੀ ਅਫਸਰ, ਸੁਨਾਮ ਨੇ ਖੇਤੀਬਾੜੀ ਵਿਭਾਗ ਦੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸੀ.ਆਰ.ਐਮ. ਮਸ਼ੀਨਰੀ ਖਰੀਦਣ ਲਈ ਸਬਸਿਡੀ ਸਕੀਮਾਂ ਅਤੇ ਆਨਲਾਈਨ ਅਪਲਾਈ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰਨ ਲਈ ਇਨ-ਸੀਟੂ ਪਰਾਲੀ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ: ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਵਿੱਚ ਬੀਜੀ ਜਾਣ ਵਾਲੀ ਕਣਕ ਦੇ ਬੀਜ ਦੀ ਸੋਧ ਅਤੇ ਕਣਕ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਨਾਲ-ਨਾਲ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਵੱਖ-ਵੱਖ ਬੀਮਾਰੀਆਂ ਅਤੇ ਉਨ੍ਹਾਂ ਦੇ ਯੋਗ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।
ਡਾ: ਮੁਕੇਸ਼ ਕੁਮਾਰ, ਵੈਟਨਰੀ ਅਫ਼ਸਰ, ਸੰਗਰੂਰ ਨੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਅਤੇ ਡੇਅਰੀ ਵਿੱਚ ਬੈਡਿੰਗ ਸਮੱਗਰੀ ਵਜੋਂ ਵਰਤਣ ਬਾਰੇ ਜਾਣਕਾਰੀ ਦਿੱਤੀ।
ਸਮੂਹ ਕਿਸਾਨਾਂ ਨੂੰ ਸੀ.ਆਰ.ਐਮ. ਪ੍ਰੋਜੈਕਟ ਤਹਿਤ ਪੀ.ਏ.ਯੂ. ਦਾ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ। ਸੀ.ਆਰ.ਐਮ. ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾ ਕੇ ਇਸ ਦੀ ਸੁੱਚਜੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਗਈ।
ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਦੀ ਸਹਿਮਤੀ ਭਰੀ।
ਪੀਏਯੂਕੇਵੀਕੇ ਸੰਗਰੂਰ ਵੱਲੋਂ ਪਿੰਡ ਬਾਲਦ ਕਲਾਂ ਅਤੇ ਰਾਜਪੁਰਾ ਵਿਖੇ ਪਰਾਲੀ ਪ੍ਰਬੰਧਨ ਬਾਰੇ ਪੰਜਰੋਜ਼ਾ ਸਿਖਲਾਈ ਪ੍ਰੋਗਰਾਮ
