ਭਵਾਨੀਗੜ੍ਹ, 12 ਜੂਨ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਫੁੰਮਣਵਾਲ, ਬਲਾਕ ਭਵਾਨੀਗੜ੍ਹ ਵਿਖੇ "ਸੰਤੁਲਿਤ ਖਾਦ ਪ੍ਰਬੰਧ" ਵਿਸ਼ੇ 'ਤੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ 50 ਕਿਸਾਨਾਂ ਨੇ ਭਾਗ ਲਿਆ।
ਇਸ ਕੈਂਪ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਫਸਲਾਂ ਵਿੱਚ ਸੰਤੁਲਿਤ ਖਾਦ ਪ੍ਰਬੰਧ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਆਧਾਰ 'ਤੇ ਸਹੀ ਮਾਤਰਾ, ਸਹੀ ਸਮੇਂ ਅਤੇ ਸਹੀ ਢੰਗ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ, ਖਾਸ ਕਰਕੇ ਯੂਰੀਆ ਅਤੇ ਫਾਸਫੋਰਸ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਅਤੇ ਵਿਗਿਆਨਕ ਪੌਸ਼ਕ ਤੱਤ ਪ੍ਰਬੰਧਨ 'ਤੇ ਜ਼ੋਰ ਦਿੱਤਾ।
ਉਹਨਾਂ ਕਿਹਾ ਕਿ ਜੇਕਰ ਕਣਕ ਦੀ ਫ਼ਸਲ ਨੂੰ ਸਿਫਾਰਸ਼ ਕੀਤੀ ਮਾਤਰਾ ਵਿੱਚ ਡੀ.ਏ.ਪੀ. ਖਾਦ ਪਾਈ ਗਈ ਹੋਵੇ ਤਾਂ ਸਾਉਣੀ ਦੌਰਾਨ ਝੋਨੇ ਵਿੱਚ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਉਹਨਾਂ ਝੋਨੇ ਵਿੱਚ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਲਈ ਖੇਤ ਨੂੰ ਕੱਦੂ ਕਰਨ ਤੋਂ ਪਹਿਲਾਂ ਇਸ ਦੀ ਸੁੱਕੇ ਖੇਤ ਵਿੱਚ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਵੀ ਆਖਿਆ। ਉਹਨਾਂ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਜੰਤਰ ਦੀ ਹਰੀ ਖਾਦ ਦਬਾਈ ਜਾਵੇ, ਉੱਥੇ ਅੱਧੀ ਯੂਰੀਆ ਹੀ ਪਾਈ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ, ਜੇਕਰ ਮੂੰਗੀ ਦੀ ਹਰੀ ਖਾਦ ਖੇਤ ਵਿੱਚ ਵਾਹੀ ਜਾਵੇ ਤਾਂ ਤੀਜਾ ਹਿੱਸਾ ਯੂਰੀਆ ਘੱਟ ਪਾਓ।
ਇਸ ਤੋਂ ਇਲਾਵਾ ਉਹਨਾਂ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਵਿਗਿਆਨਕ ਢੰਗ ਅਤੇ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਲਗਾਉਣ ਵਾਲੇ ਐਜ਼ੋਸਪੀਰੀਲਮ ਜੀਵਾਣੂੰ ਖਾਦ ਦੇ ਟੀਕੇ ਦੀ ਵਰਤੋਂ ਅਤੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂਹੰਦ ਨੂੰ ਮਿਲਾ ਕੇ ਜ਼ਮੀਨ ਦੀ ਸਿਹਤ ਵਧਾਉਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਲੁਆਈ ਦੇ ਬਦਲ ਵਜੋਂ ਮਸ਼ੀਨੀ ਲੁਆਈ ਬਾਰੇ ਵੀ ਜਾਣਕਾਰੀ ਦਿੱਤੀ।
ਉਹਨਾਂ ਨੇ ਮਸ਼ੀਨੀ ਲੁਆਈ ਲਈ ਝੋਨੇ ਦੀ ਮੈਟ ਟਾਈਪ ਪਨੀਰੀ ਤਿਆਰ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ। ਅਖੀਰ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਸਾਹਿਤ ਵੰਡਿਆ ਗਿਆ। ਇਸ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਸਰਪੰਚ ਸੁਖਚੈਨ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।