ਹੁਸ਼ਿਆਰਪੁਰ– ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਦੂਦ–ਬਰਿਆਣਾ ਲਿੰਕ ਰੋਡ 'ਤੇ  ਪੁਲਿਸ ਤੇ ਦੋ ਮੋਟਰਸਾਈਕਲ ਸਵਾਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੌਰਾਨ ਇਕ ਦੋਸ਼ੀ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ ਤੇ ਦੂਜੇ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ।
ਐਸ ਐਸ ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਹੋਰਾਂ ਤੋਂ ਘਟਨਾ ਸਥਾਨ ਤੇ ਪ੍ਰਾਪਤ ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ  ਜਖ਼ਮੀ ਤੇ ਗ੍ਰਿਫ਼ਤਾਰ ਹੋਏ ਦੋਵੇਂ ਵਿਅਕਤੀ ਮਹਿਲਪੁਰ 'ਚ ਸੁਨਾਰ ਦੀ ਦੁਕਾਨ 'ਤੇ ਕੁਝ ਦਿਨ ਪਹਿਲਾਂ ਗੋਲੀ ਚਲਾਉਣ ਦੇ ਮਾਮਲੇ ਨਾਲ ਸੰਬੰਧਤ ਹਨ। ਇਹ ਦੋਵੇਂ ਘਟਨਾ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ ਸਨ। 
ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ (ਆਈ.ਪੀ.ਐਸ.) ਨੇ ਦੱਸਿਆ ਕਿ ਮਾਹਿਲਪੁਰ ਘਟਨਾ ਨੂੰ ਟ੍ਰੇਸ ਕਰਨ ਲਈ ਇਕ ਖਾਸ ਟੀਮ ਬਣਾਈ ਗਈ ਸੀ ਜਿਸ ਦੀ ਅਗਵਾਈ ਐਸ.ਪੀ. ਪਰਮਿੰਦਰ ਸਿੰਘ, ਡੀ.ਐਸ.ਪੀ. ਪਰਨੀਤ ਸਿੰਘ ਢਿੱਲੋਂ, ਸੀ.ਆਈ.ਏ. ਇੰਚਾਰਜ ਗੁਰਪ੍ਰੀਤ ਸਿੰਘ ਅਤੇ ਥਾਣਾ ਇੰਚਾਰਜ ਜੈਪਾਲ ਸਿੰਘ ਕਰ ਰਹੇ ਸਨ।ਟੀਮ ਵੱਲੋਂ ਵੱਖ-ਵੱਖ ਨਜ਼ਰੀਆਂ ਅਨੁਸਾਰ ਜਾਂਚ ਕੀਤੀ ਜਾ ਰਹੀ ਸੀ ਤੇ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਸਵਾਰਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ।

***ਗੁਪਤ ਸੂਚਨਾ 'ਤੇ ਪੁਲਿਸ ਦੀ ਕਾਰਵਾਈ
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਹਿਲਪੁਰ ਘਟਨਾ ਨਾਲ ਮਿਲਦੇ–ਜੁਲਦੇ ਦੋ ਵਿਅਕਤੀ ਹੇਲਮਟ ਪਹਿਨੇ ਹੋਏ ਪਿੰਡ ਗੱਜਰ ਮਹਦੂਦ ਦੇ ਨੇੜੇ ਦਿੱਖ ਰਹੇ ਹਨ। ਇਸ ਉੱਤੇ ਐਸ.ਐਸ.ਪੀ. ਵੱਲੋਂ ਬਣਾਈ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ।ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਆਂ। ਪੁਲਿਸ ਵੱਲੋਂ ਵੀ ਜ਼ਵਾਬੀ ਕਾਰਵਾਈ ਹੋਈ ਜਿਸ ਵਿੱਚ ਤਿੰਨ–ਤਿੰਨ ਗੋਲੀਆਂ ਚਲਾਈਆਂ ਗਈਆਂ। ਮੁਕਾਬਲੇ ਦੌਰਾਨ ਇਕ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦਾਖਲ ਕਰਵਾਇਆ ਗਿਆ। ਉਸ ਦਾ ਸਾਥੀ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ

**ਬਾਪ–ਬੇਟਾ ਨਿਕਲੇ ਦੋਸ਼ੀ
ਮੁੱਢਲੀ ਜਾਂਚ ਦੌਰਾਨ ਦੋਸ਼ੀਆਂ ਦੀ ਪਛਾਣ ਬਾਪ /ਬੇਟੇ  ਵਜੋਂ ਹੋਈ ਹੈ। ਪੁਲਿਸ ਅਨੁਸਾਰ ਜਖ਼ਮੀ ਪੁੱਤਰ ਦਾ ਨਾਮ ਕੇਸ਼ਵ ਹੈ ਜਦਕਿ ਪਿਤਾ ਕ੍ਰਿਸ਼ਨ ਗੋਪਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਪਿੰਡ ਬੇਂਚਾਂ (ਟਾਡਾ) ਦੇ ਰਹਿਣ ਵਾਲੇ ਹਨ।ਪੁਲਿਸ ਵੱਲੋਂ ਮੋਟਰਸਾਈਕਲ, ਹੇਲਮਟ ਤੇ ਰੌਂਦ ਮੌਕੇ ਤੋਂ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ. ਮਲਿਕ ਨੇ ਕਿਹਾ ਕਿ ਘਟਨਾ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਜਾਂਚ ਜਾਰੀ ਹੈ।