ਬਠਿੰਡਾ:- ਸਿਹਤ ਵਿਭਾਗ ਬਠਿੰਡਾ ਨੇ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਅਡਵਾਈਜਰੀ ਜਾਰੀ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ । ਜ਼ਿਲ੍ਹਾ ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬੱਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ।
  ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੱਪਾਂ ਦੇ ਡੰਗਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, 
 
 ਸੱਪ ਦੇ ਕੱਟਣ ਦੀ ਹਾਲਤ ਵਿੱਚ ਤੁਰੰਤ ਕਰਨ ਲਈ ਉਪਾਅ
* ਸੱਪ ਦੇ ਡੰਗਣ ਵਾਲੇ ਵਿਅਕਤੀ ਨੂੰ ਹੌਸਲਾ ਦਿਓ, ਕਿਉਂਕਿ 70 ਪ੍ਰਤੀਸਤ ਸੱਪ ਜ਼ਹਿਰੀਲੇ ਨਹੀਂ ਹੁੰਦੇ।
* 20 ਪ੍ਰਤੀਸ਼ਤ ਡਰਾਈ ਬਾਈਟ ਜਾਣੀ ਮੂੰਹ ਲੱਗਿਆ ਹੁੰਦਾ ਹੈ। ਸਰੀਰ ਵਿੱਚ ਜ਼ਹਿਰ ਨਹੀਂ ਗਿਆ ਹੁੰਦਾ। ਇਸ ਲਈ ਕੋਈ ਖਤਰਾ ਨਹੀਂ।
* ਸਿਰਫ 10 ਪ੍ਰਤੀਸ਼ਤ ਸੱਪ ਜ਼ਹਿਰੀਲੇ ਹੁੰਦੇ ਹਨ।
* ਸੱਪ ਦੇ ਕੱਟਣ ਦੀ ਹਰ ਘਟਨਾ ਵਿੱਚ ਐਂਟੀ ਸਨੇਕ ਟੀਕੇ ਡਾਕਟਰ ਦੀ ਸਲਾਹ ਅਨੁਸਾਰ ਲਗਾਏ ਜਾਣ।
* ਸਿਰਫ ਡਰ ਕਾਰਨ ਹੀ ਵਿਅਕਤੀ ਨੂੰ ਘਬਰਾਹਟ,ਦਿਲ ਦੀ ਧੜਕਨ ਤੇਜ਼ ਅਤੇ ਛਾਤੀ ਵਿਚ ਤੇਜ਼ ਦਰਦ ਹੁੰਦਾ ਹੈ ਜਿਸ ਕਾਰਨ ਹਾਰਟ ਅਟੈਕ ਆ ਜਾਂਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।
* ਜਦੋਂ ਕਿ ਸੱਪ ਦੇ ਡੰਗਣ ਨਾਲ ਵਿਅਕਤੀ ਨੂੰ 4 ਤੋਂ 6 ਘੰਟਿਆਂ ਵਿੱਚ ਹਸਪਤਾਲ ਵਿੱਚ ਐਂਟੀ ਸਨੇਕ ਦੇ ਟੀਕੇ ਲਗਾ ਕੇ ਬਚਾਅ ਹੋ ਜਾਂਦਾ ਹੈ।

ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ
* ਵਿਅਕਤੀ ਨੂੰ ਅਰਾਮ ਨਾਲ ਬਿਠਾ ਦਿੱਤਾ ਜਾਵੇ, ਡੰਗਣ ਵਾਲੀ ਜਗ੍ਹਾ ਨੂੰ ਜ਼ਹਿਰ ਚੂਸਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਡੰਗ  ਵਾਲੀ ਜਗ੍ਹਾ/ਜ਼ਖ਼ਮ ਨੂੰ ਖੁੱਲਾ ਛੱਡ ਦਿੱਤਾ ਜਾਵੇ।
* ਜ਼ਹਿਰ ਦੇ ਵਹਾਉ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਣ ਲਈ ਉਪਰ ਵਾਲੇ ਪਾਸੇ ਤੋਂ ਕੱਪੜੇ ਨਾਲ ਥੋੜੀ ਢਿੱਲਾ ਜਿਹਾ ਬੰਨ ਦਿੱਤਾ ਜਾਵੇ,
* ਕੋਈ ਵੀ ਮੂਵਮੇਂਟ ਨਾਂ ਕੀਤੀ ਜਾਵੇ। ਮੂਵਮੇਂਟ ਕਰਨ ਨਾਲ ਜ਼ਹਿਰ ਬਾਕੀ ਸਰੀਰ ਵਿੱਚ ਫੈਲ ਸਕਦੀ ਹੈ ।
* ਜ਼ਹਿਰੀਲੇ ਸੱਪ ਆਮ ਤੌਰ ਤੇ ਰਾਤ  ਸਮੇਂ ਹਨੇਰੇ ਵਿੱਚ ਕੱਟਦੇ ਹਨ ਇਸ ਲਈ ਰਾਤ ਨੂੰ ਹਨੇਰੇ ਵਿੱਚ ਨੰਗੇ ਪੈਰ ਜਾਣ ਤੋਂ ਪਰਹੇਜ਼ ਕਰੋ।
* ਮਨੁੱਖ ਨੂੰ ਸੱਪ ਦੇ ਕੱਟਣ ਉਪਰੰਤ ਘਰੇਲੂ ਓੜਪੋੜ ਕਰਨ ਦੀ ਬਜਾਏ ਨੇੜਲੇ ਸਰਕਾਰੀ ਹਸਪਤਾਲ,ਸਿਹਤ ਟੀਮ ਕੋਲ  ਇਲਾਜ ਲਈ ਟੀਕੇ ਲਗਾ ਕੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।
* ਮੈਡੀਕਲ ਕਾਲਜ ,ਜਿਲ੍ਹਾ ਹਸਪਤਾਲ ਅਤੇ ਸਬ ਡਵੀਜ਼ਨਲ ਹਸਪਤਾਲ ਵਿੱਚ ਸੱਪ ਦੇ ਡੰਗ ਵਾਲੇ ਵਿਅਕਤੀਆਂ ਦਾ ਮੁਫ਼ਤ ਇਲਾਜ (ਟੀਕੇ) ਉਪਲੱਬਧ ਹੈ।