ਨਵਾਂਸ਼ਹਿਰ, 18 ਦਸੰਬਰ:- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਤੁਸ਼ਾਰ ਗੁਪਤਾ (ਆਈ ਪੀ ਐੱਸ) ਜਿਨ੍ਹਾਂ ਨੇ ਇਕ ਮਹੀਨਾ ਪਹਿਲਾਂ 18 ਨਵੰਬਰ ਨੂੰ ਅਹੁਦਾ ਸੰਭਾਲਿਆ ਸੀ, ਉਨ੍ਹਾਂ ਦੀਆਂ ਹਦਾਇਤਾਂ ਤੇ ਐੱਸ.ਪੀ. ਕਾਨੂੰਨ ਅਤੇ ਵਿਵਸਥਾ ਸ੍ਰੀ ਇਕਬਾਲ ਸਿੰਘ ਦੀ ਅਗਵਾਈ 'ਚ ਨਵਾਂਸ਼ਹਿਰ ਦੀ ਪੁਲਿਸ ਸਕੂਲ ਆਫ਼ ਐਮੀਨੈਂਸ 'ਚ ਛੁੱਟੀ ਹੋਣ ਸਮੇਂ ਬਾਹਰਲੇ ਮੁਸ਼ਟੰਡਿਆਂ ਨੂੰ ਨੱਥ ਪਾਉਂਣ 'ਚ ਪੂਰੀ ਤਰਾਂ ਕਾਮਯਾਮ ਸਾਬਤ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਕੁਝ ਮਹੀਨੇ ਤੋਂ ਸਥਾਨਿਕ ਚੰਡੀਗੜ੍ਹ ਮਾਰਗ ਤੇ ਸਕੂਲ ਆਫ਼ ਐਮੀਨੈਂਸ ਜਿੱਥੇ ਵੱਡੀ ਗਿਣਤੀ 'ਚ ਲੜਕੇ ਤੇ ਲੜਕੀਆਂ ਪੜ੍ਹਦੇ ਹਨ, ਜਦੋਂ ਉਨ੍ਹਾਂ ਨੂੰ ਛੁੱਟੀ ਹੁੰਦੀ ਸੀ ਤਾਂ 20-30 ਮੁੰਡਿਆਂ ਦਾ ਝੁੰਡ ਆਕੇ ਪੂਰੀ ਗੁੰਡਾਗਰਦੀ ਖਿਲਾਰਦਾ ਰਿਹਾ। ਐਨਾ ਗਦਰ ਫੈਲਾਉਂਣ ਵਾਲਿਆਂ ਮੂਹਰੇ ਸਕਿਉਰਿਟੀ ਮੁਲਾਜ਼ਮ ਬੇਬੱਸ ਹੋਏ ਅਕਸਰ ਜਾਪਦੇ ਸਨ। ਉਨ੍ਹਾਂ ਦੀ ਪੈੜ ਨੱਪਣ ਲਈ ਕਈ ਬਾਰ ਕੁਝ ਕੁ ਮੁਹਤਬਰ ਵਿਅਕਤੀ ਸੋਚਦੇ ਪਰ ਕਥਿਤ ਦੋਸ਼ੀਆਂ ਪਾਸ ਕੋਈ ਵੀ ਨੰਬਰ ਵਾਲਾ ਵਾਹਨ ਨਾ ਹੋਣ ਕਾਰਣ ਕਥਿਤ ਦੋਸ਼ੀ ਅਕਸਰ ਘਨਨਾਵਾਂ ਨੂੰ ਅੰਜਾਮ ਦੇ ਕੇ ਬਚ ਨਿਕਲਦੇ।
ਸਕੂਲ ਦੇ ਪਿ੍ੰਸੀਪਲ ਵਲੋਂ ਵੀ ਕਈ ਬਾਰ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾ ਨਾਲ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਕਥਿਤ ਦੋਸ਼ੀ ਕੈਮਰਿਆਂ ਦੀ ਹੱਦ ਤੋਂ ਬਾਹਰ ਜਾਕੇ ਕਈ ਬਾਰ ਸਕੂਲ ਦੇ ਵਿਦਿਆਰਥੀਆਂ ਦੀ ਅੰਧਾਧੰਦ ਮਾਰ ਕੁਟਾਈ ਕਰਦੇ ਤੇ ਭੱਜ ਜਾਂਦੇ। ਇਹ ਵੇਖਕੇ ਅਕਸਰ ਇੰਝ ਜਾਪਦਾ ਕਿ ਇੱਥੇ ਕਾਨੂੰਨ ਦਾ ਨਹੀਂ ਸਗੋਂ ਗੁੰਡਿਆਂ ਦਾ ਹੀ ਰਾਜ ਹੋਵੇ। ਅੱਤ ਤੇ ਅੰਤ ਸ਼ਬਦਾਂ 'ਚ ਬਹੁਤਾ ਫ਼ਰਕ ਨਹੀਂ ਹੁੰਦਾ, ਫ਼ਿਰ ਕੀ ਸੀ ਇਸ ਸਮੇਂ ਨੇ ਬੂਹੇ ਤੇ ਆਕੇ ਦਸਤਕ ਦੇ ਦਿੱਤੀ।
ਜਦੋਂ ਇਹ ਮਾਮਲਾ ਕਿਸੇ ਵਿਅਕਤੀ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਤੁਸ਼ਾਰ ਗੁਪਤਾ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਇਸ ਮਾਮਲੇ 'ਚ ਐਸ ਪੀ ਕਾਨੂੰਨ ਤੇ ਵਿਵਸਥਾ ਇਕਬਾਲ ਸਿੰਘ ਨੂੰ ਜਿੰਮੇਵਾਰੀ ਸੌਂਪੀ ਜਿਨ੍ਹਾਂ ਸਭ ਤੋਂ ਪਹਿਲਾਂ ਸਿਵਲ ਕੱਪੜਿਆਂ 'ਚ ਦੋ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਸਕੂਲ 'ਚ ਛੁੱਟੀ ਸਮੇਂ ਤਾਇਨਾਤ ਕੀਤਾ ਤੇ ਸਥਿਤੀ ਤੋਂ ਪੂਰੀ ਤਰਾਂ ਜਾਣਕਾਰੀ ਪ੍ਰਾਪਤ ਕੀਤੀ।
ਬੱਸ ਫ਼ਿਰ ਕੀ ਸੀ ਰਿਪੋਰਟ ਮਿਲਣ ਤੇ ਦੂਸਰੇ ਦਿਨ ਤੋਂ ਸਕੂਲ ਦੇ ਬਾਹਰ ਮੁੱਖ ਮਾਰਗ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ। ਬਦਮਾਸ਼ੀ ਕਰਨ ਵਾਲੇ ਮੁਸ਼ਟੰਡਿਆਂ ਨੂੰ ਰਾਹ ਨਾ ਲੱਭਿਆ ਕਿ ਉਹ ਕਿੱਧਰ ਨੂੰ ਭੱਜਣ। ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਪੂਰੀ ਆਓ ਭਗਤ ਕੀਤੀ ਗਈ। ਹੁਣ ਲਗਾਤਾਰ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਸਮੇਤ ਥਾਣਾ ਮੁਖੀ ਇੱਸਪੈਕਟਰ ਅਵਤਾਰ ਸਿੰਘ, ਟ੍ਰੈਫ਼ਿਕ ਇੰਚਾਰਜ ਸੁਭਾਸ਼ ਅਤੇ ਕੁਝ ਕੁ ਐੱਸ ਐੱਸ ਪੀ ਦਫ਼ਤਰ ਦੇ ਮੁਲਾਜ਼ਮ ਲਗਾਤਾਰ ਸੇਵਾਵਾਂ ਨਿਭਾਅ ਰਹੇ ਹਨ।
ਆਉਂਦੇ ਜਾਂਦੇ ਸ਼ੱਕੀ ਵਿਅਕਤੀਆਂ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਸ਼ੱਕ ਪੈਣ ਤੇ ਵਿਅਕਤੀਆਂ ਨੂੰ ਰੋਕਕੇ ਪੂਰੀ ਛਾਣਬੀਣ ਕਰਨ ਤੋਂ ਬਾਅਦ ਹੀ ਵਿਅਕਤੀਆਂ ਨੂੰ ਜਾਣ ਦਿੱਤਾ ਜਾਂਦਾ ਹੈ। ਦੋ ਪਹੀਆ ਵਾਹਨਾ ਤੇ ਤਿੰਨ-ਤਿੰਨ ਘੁੰਮਣ ਵਾਲੇ, ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਰੋਜ਼ਾਨਾ ਪਟਾਕੇ ਵਜਾਏ ਜਾ ਰਹੇ ਹਨ।
ਟ੍ਰੈਫ਼ਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਤੋਹਫ਼ੇ ਵਜੋਂ ਰੋਜ਼ਾਨਾ ਚਲਾਣ ਚਿੱਟਾ ਦਿੱਤੀਆਂ ਜਾ ਰਹੀਆਂ ਹਨ। ਪੀੜਤ ਲੋਕਾਂ ਵਲੋਂ ਜ਼ਿਲ੍ਹਾ ਪੁਲਿਸ ਦਾ ਸ਼ੁਕਰਾਨਾ ਕਰਦਿਆਂ ਆਖਿਆ ਜਾ ਰਿਹਾ ਹੈ ਕਿ ਜੇਕਰ ਪੁਲਿਸ ਚੰਗਾ ਕੰਮ ਕਰਦੀ ਹੈ ਤਾਂ ਸ਼ੋਭਾ ਕਰਨੀ ਵੀ ਬਣਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਪਣੀ ਇਹ ਮੁਹਿੰਮ ਜਾਰੀ ਰੱਖੇਗੀ।
ਨਵਾਂਸ਼ਹਿਰ ਦੀ ਪੁਲਿਸ ਨੇ ਮੁਸ਼ਟੰਡਿਆਂ ਨੂੰ ਪਾਈ ਨੱਥ ਸਕੂਲ ਚ ਛੁੱਟੀ ਹੋਣ ਸਮੇਂ ਕਰਦੇ ਸੀ ਖਰੂਦ
