ਚੰਡੀਗੜ੍ਹ, 29 ਸਤੰਬਰ:- ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ "ਆਪਣੀ ਕਲਪਨਾ ਨਾਲ ਭਵਿੱਖ ਨੂੰ ਰੰਗੋ" ਸੰਦੇਸ਼ ਦੇ ਨਾਲ 'ਊਰਜਾ ਸੰਭਾਲ 'ਤੇ ਰਾਸ਼ਟਰੀ ਚਿੱਤਰਕਾਰੀ ਮੁਕਾਬਲੇ - 2026' ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੂਲੀ ਬੱਚਿਆਂ ਵਿੱਚ ਊਰਜਾ ਬਚਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਆਯੋਜਿਤ ਇਸ ਮੁਕਾਬਲੇ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 'ਗਰੁੱਪ ਏ' ਦੇ ਤਹਿਤ 5ਵੀਂ, 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀ ਅਤੇ 'ਗਰੁੱਪ ਬੀ' ਦੇ ਤਹਿਤ 8ਵੀਂ, 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਦੋਵਾਂ ਹੀ ਗਰੁੱਪਾਂ ਲਈ ਚਿੱਤਰਕਾਰੀ ਦੇ ਮੁੱਖ ਵਿਸ਼ੇ "ਸਕੂਲ ਅਤੇ ਘਰ 'ਚ ਊਰਜਾ ਬਚਾਓ" ਅਤੇ "ਊਰਜਾ ਸੰਭਾਲ ਊਰਜਾ ਸੁਰੱਖਿਆ ਦੀ ਕੁੰਜੀ ਹੈ" ਨਿਰਧਾਰਿਤ ਕੀਤੇ ਗਏ ਹਨ। ਇਸ ਮੁਕਾਬਲੇ ਦੇ ਤਹਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਦੋਵਾਂ ਗਰੁੱਪਾਂ ਦੇ ਜੇਤੂਆਂ ਨੂੰ ਆਕਰਸ਼ਕ ਨਕਦ ਇਨਾਮ ਅਤੇ ਮੈਡਲ ਦਿੱਤੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰੀ ਮੁਕਾਬਲੇ ਵਿੱਚ ਹਰੇਕ ਸ਼੍ਰੇਣੀ ਦੇ ਪਹਿਲੇ ਇਨਾਮ ਜੇਤੂ ਨੂੰ ₹50,000 ਤੇ ਸੋਨੇ ਦਾ ਮੈਡਲ, ਦੂਜੇ ਇਨਾਮ ਜੇਤੂ ਨੂੰ ₹30,000 ਤੇ ਚਾਂਦੀ ਦਾ ਮੈਡਲ, ਤੀਜੇ ਇਨਾਮ ਜੇਤੂ ਨੂੰ ₹20,000 ਤੇ ਕਾਂਸੀ ਦਾ ਮੈਡਲ ਅਤੇ 10 ਪ੍ਰਸ਼ੰਸਾ ਇਨਾਮ ਜੇਤੂਆਂ ਨੂੰ ₹7,500-₹7,500 ਦੀ ਰਾਸ਼ੀ ਦਿੱਤੀ ਜਾਵੇਗੀ। ਉੱਥੇ ਹੀ, ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ₹1,00,000, ਇੱਕ ਲੈਪਟਾਪ ਤੇ ਸੋਨੇ ਦਾ ਮੈਡਲ; ਦੂਜੇ ਸਥਾਨ ਲਈ ₹50,000, ਇੱਕ ਲੈਪਟਾਪ ਤੇ ਚਾਂਦੀ ਦਾ ਮੈਡਲ; ਤੀਜੇ ਸਥਾਨ ਲਈ ₹30,000, ਇੱਕ ਲੈਪਟਾਪ ਤੇ ਕਾਂਸੀ ਦਾ ਮੈਡਲ ਅਤੇ 10 ਪ੍ਰਸ਼ੰਸਾ ਇਨਾਮ ਜੇਤੂਆਂ ਨੂੰ ₹15,000-₹15,000 ਦੇ ਨਾਲ ਟੈਬਲੇਟ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਰਾਸ਼ਟਰੀ ਜੇਤੂਆਂ ਨੂੰ ਭਾਰਤ ਵਿੱਚ ਅਧਿਐਨ ਦੌਰੇ (Study Tour) ਦਾ ਮੌਕਾ ਵੀ ਦਿੱਤਾ ਜਾਵੇਗਾ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪੇਂਟਿੰਗ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 15 ਅਕਤੂਬਰ, 2026 ਤੈਅ ਕੀਤੀ ਗਈ ਹੈ। ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿਦਿਆਰਥੀ ਆਪਣੀ ਪੇਂਟਿੰਗ ਡਾਕ ਦੁਆਰਾ ਜਾਂ ਹੱਥੋਂ-ਹੱਥ ਨੋਡਲ ਅਧਿਕਾਰੀ ਦੇ ਪਤੇ: ਇੰਜੀ. ਰਾਜੀਵ ਸ਼ਾਹੀ, ਡਾਇਰੈਕਟਰ/ਮਾਨਵ ਸੰਸਾਧਨ ਵਿਕਾਸ—ਕਮ—ਨੋਡਲ ਅਧਿਕਾਰੀ, ਬੀ.ਬੀ.ਐਮ.ਬੀ. (BBMB), ਪਲਾਟ ਨੰਬਰ 6-ਬੀ, ਮੱਧ ਮਾਰਗ, ਸੈਕਟਰ 19-ਬੀ, ਚੰਡੀਗੜ੍ਹ-160019 'ਤੇ ਭੇਜ ਸਕਦੇ ਹਨ।
