ਚੰਡੀਗੜ੍ਹ, 8 ਸਤੰਬਰ:- ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ 9 ਸਤੰਬਰ, 2026 ਨੂੰ ਵਾਰਾਣਸੀ ਦੇ ਰੁਦਰਾਕਸ਼ ਅੰਤਰਰਾਸ਼ਟਰੀ ਸਹਿਯੋਗ ਕੇਂਦਰ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਦੀ ਮੌਜੂਦਗੀ ਵਿੱਚ 9ਵੇਂ ਰਾਸ਼ਟਰੀ ਪੋਸ਼ਣ ਮਾਹ 2026 ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਲੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਿਆਣਾ ਵਿੱਚ ਵੀ 9 ਸਤੰਬਰ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਜਾਵੇਗਾ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਇਸ ਸੰਬੰਧ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਰਾਸ਼ਟਰੀ ਪੋਸ਼ਣ ਮਾਹ ਮੁਹਿੰਮ ਦੀ ਥੀਮ 'ਸਾਡੀ ਆਂਗਣਵਾੜੀ, ਸਾਡੀ ਜ਼ਿੰਮੇਵਾਰੀ' ਰੱਖੀ ਗਈ ਹੈ। ਮੁਹਿੰਮ ਦਾ ਉਦੇਸ਼ ਪੋਸ਼ਣ ਪ੍ਰਤੀ ਜਾਗਰੂਕਤਾ ਵਧਾਉਣਾ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਮਹਿਲਾਵਾਂ ਤੇ ਬੱਚਿਆਂ ਦੀ ਬਿਹਤਰ ਸਿਹਤ ਲਈ ਵਿਭਾਗਾਂ ਅਤੇ ਭਾਈਚਾਰੇ ਦੀ ਭਾਗੀਦਾਰੀ ਯਕੀਨੀ ਬਣਾਉਣਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਵਾਰ ਪੋਸ਼ਣ ਮਾਹ ਪੰਜ ਪ੍ਰਮੁੱਖ ਵਿਸ਼ਿਆਂ 'ਤੇ ਕੇਂਦਰਿਤ ਰਹੇਗਾ। ਪਹਿਲਾ ਵਿਸ਼ਾ ਆਹਾਰ ਵਿਭਿੰਨਤਾ ਅਤੇ ਲੋੜੀਂਦੇ ਪ੍ਰੋਟੀਨ ਨੂੰ ਲੈ ਕੇ ਹੈ, ਜਿਸ ਦੇ ਤਹਿਤ ਆਂਗਣਵਾੜੀ ਕੇਂਦਰਾਂ 'ਤੇ ਸਥਾਨਕ ਪੱਧਰ 'ਤੇ ਉਪਲਬਧ ਦਾਲਾਂ, ਹਰੀਆਂ ਸਬਜ਼ੀਆਂ, ਦੁੱਧ ਉਤਪਾਦਾਂ ਅਤੇ ਮੋਟੇ ਅਨਾਜ ਤੋਂ ਬਣੇ ਪੌਸ਼ਟਿਕ ਭੋਜਨ ਦੀ ਜਾਣਕਾਰੀ ਦਿੱਤੀ ਜਾਵੇਗੀ। ਦੂਜਾ ਵਿਸ਼ਾ ਤਾਜ਼ਾ ਗਰਮ ਪਕਾਏ ਭੋਜਨ ਨਾਲ ਜੁੜਿਆ ਹੈ, ਜਿਸ ਵਿੱਚ ਆਂਗਣਵਾੜੀ ਕੇਂਦਰਾਂ 'ਤੇ ਮੈਨਿਊ ਬੋਰਡ ਪ੍ਰਦਰਸ਼ਿਤ ਕਰਕੇ ਸਾਫ਼-ਸਫ਼ਾਈ ਅਤੇ ਸਮੇਂ 'ਤੇ ਭੋਜਨ ਪਰੋਸਣ 'ਤੇ ਜ਼ੋਰ ਦਿੱਤਾ ਜਾਵੇਗਾ। ਤੀਜਾ ਵਿਸ਼ਾ ਭਾਈਚਾਰਕ ਭਾਗੀਦਾਰੀ ਦਾ ਹੈ, ਜਿਸ ਦੇ ਤਹਿਤ ਨਵ-ਗਠਿਤ ਆਂਗਣਵਾੜੀ ਪ੍ਰਬੰਧਨ ਕਮੇਟੀਆਂ ਦੀਆਂ ਮੀਟਿੰਗਾਂ ਆਯੋਜਿਤ ਕਰਕੇ ਲੋਕਾਂ ਨੂੰ ਕੇਂਦਰਾਂ ਦੀ ਨਿਗਰਾਨੀ ਨਾਲ ਜੋੜਿਆ ਜਾਵੇਗਾ। ਚੌਥਾ ਵਿਸ਼ਾ ਬੱਚਿਆਂ ਦੇ ਪੋਸ਼ਣ ਅਤੇ ਸ਼ੁਰੂਆਤੀ ਮਾਨਸਿਕ ਵਿਕਾਸ 'ਤੇ ਆਧਾਰਿਤ ਹੈ, ਜਿਸ ਵਿੱਚ ਮਾਪਿਆਂ ਨੂੰ ਬੱਚਿਆਂ ਨਾਲ ਖੇਡ-ਖੇਡ ਵਿੱਚ ਸਿੱਖਣ ਦੀਆਂ ਗਤੀਵਿਧੀਆਂ ਸਿਖਾਈਆਂ ਜਾਣਗੀਆਂ। ਪੰਜਵਾਂ ਅਤੇ ਆਖ਼ਰੀ ਵਿਸ਼ਾ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਨਾਲ ਜੁੜਿਆ ਹੈ, ਜੋ ਇਸ ਸਾਲ ਆਪਣੇ 10 ਸਾਲ ਪੂਰੇ ਕਰ ਰਹੀ ਹੈ। ਇਸ ਦੇ ਤਹਿਤ ਯੋਗ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ 'ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਵਿਭਾਗ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸੂਚੀ ਦੇ ਅਨੁਰੂਪ ਸਾਰੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕਰਨਾ ਅਤੇ ਆਮ ਲੋਕਾਂ ਵਿਸ਼ੇਸ਼ ਕਰਕੇ ਮਹਿਲਾਵਾਂ ਤੇ ਬੱਚਿਆਂ ਤੱਕ ਇਸ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾ ਕੇ ਕੰਮ ਕਰਨ ਦੀ ਵੀ ਹਦਾਇਤ ਕੀਤੀ, ਤਾਂ ਜੋ ਪੋਸ਼ਣ ਮਾਹ ਦੇ ਉਦੇਸ਼ ਪੂਰੀ ਤਰ੍ਹਾਂ ਸਾਕਾਰ ਹੋ ਸਕਣ।
ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਪੋਸ਼ਣ ਮਾਹ ਦੇ ਸਫ਼ਲ ਸੰਚਾਲਨ ਲਈ ਸਿਹਤ ਵਿਭਾਗ ਵੱਲੋਂ ਅਤਿ ਕੁਪੋਸ਼ਿਤ ਬੱਚਿਆਂ ਲਈ ਵਿਸ਼ੇਸ਼ ਸਿਹਤ ਕੈਂਪ ਲਗਾਏ ਜਾਣ। ਗਰਭਵਤੀ ਮਹਿਲਾਵਾਂ ਦੇ ਏ.ਐੱਨ.ਸੀ. ਚੈੱਕਅਪ ਅਤੇ ਬੱਚਿਆਂ ਦੀ ਨਿਯਮਤ ਸਿਹਤ ਜਾਂਚ ਯਕੀਨੀ ਬਣਾਈ ਜਾਵੇ। ਘਰਾਂ ਦੇ ਦੌਰੇ ਦੌਰਾਨ ਟੀਕਾਕਰਨ ਅਤੇ ਪੋਸ਼ਣ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ 0 ਤੋਂ 6 ਸਾਲ ਤੱਕ ਦੇ ਬੱਚਿਆਂ ਵਿੱਚ ਵਿਕਾਸ ਸੰਬੰਧੀ ਦੇਰੀ ਦੀ ਪਛਾਣ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਪੋਸ਼ਣ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਪੋਸਟਰ, ਕਹਾਣੀ, ਖੇਡ ਅਤੇ ਯੋਗ ਮੁਕਾਬਲੇ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ। ਖੇਡ ਗਤੀਵਿਧੀਆਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ, ਸਿੱਖਿਆ ਅਤੇ ਪੋਸ਼ਣ ਪ੍ਰਤੀ ਪ੍ਰੇਰਿਤ ਕਰਨ ਅਤੇ ਸਕੂਲ ਟੀਮਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨ ਲਈ ਕਿਹਾ ਗਿਆ। ਪੰਚਾਇਤੀ ਰਾਜ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਸਰਪੰਚਾਂ ਅਤੇ ਪੰਚਾਂ ਰਾਹੀਂ ਅਤੇ ਸ਼ਹਿਰੀ ਖੇਤਰਾਂ ਵਿੱਚ ਕੌਂਸਲਰਾਂ ਰਾਹੀਂ ਆਂਗਣਵਾੜੀ ਕੇਂਦਰਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦਾ ਉਦੇਸ਼ ਸਿਰਫ਼ ਵਿਭਾਗੀ ਗਤੀਵਿਧੀਆਂ ਤੱਕ ਸੀਮਤ ਨਾ ਰਹਿ ਕੇ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਦੇ ਮਾਧਿਅਮ ਨਾਲ ਕੁਪੋਸ਼ਣ ਵਿਰੁੱਧ ਵਿਆਪਕ ਜਨ-ਜਾਗਰੂਕਤਾ ਪੈਦਾ ਕਰਨਾ ਹੋਣਾ ਚਾਹੀਦਾ ਹੈ।
