ਲੁਧਿਆਣਾ 02 ਦਸੰਬਰ 2025- ਮੁਰ੍ਹਾ ਮੱਝਾਂ ਦੀ ਨਸਲ ਸੁਧਾਰ ਸੰਬੰਧੀ ਇਕ ਮਹੱਤਵਪੂਰਨ ਪੁਲਾਂਘ ਪੁੱਟਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਹਰਿਆਣਾ ਦੇ ਮਸ਼ਹੂਰ ਡੇਅਰੀ ਕਿਸਾਨ ਸ਼੍ਰੀ ਸ਼ਿਵ ਕੁਮਾਰ ਰੇਡੂ ਵੱਲੋਂ ਮੁਰ੍ਹਾ ਨਸਲ ਦਾ ਇਕ ਸਾਲ ਦਾ ਕੱਟਾ ਤੋਹਫ਼ੇ ਵਜੋਂ ਪ੍ਰਾਪਤ ਹੋਇਆ ਹੈ। ਬਿਨ੍ਹਾਂ ਕਿਸੇ ਕੀਮਤ ਤੋਂ ਪ੍ਰਾਪਤ ਹੋਏ ਇਸ ਕੱਟੇ ਦੀਆਂ ਪੀੜ੍ਹੀਆਂ ਦਾ ਵਿਰਾਸਤੀ ਪ੍ਰਦਰਸ਼ਨ ਅਤੇ ਰਿਕਾਰਡ ਬਹੁਤ ਸ਼ਾਨਦਾਰ ਹੈ।
ਇਹ ਕੱਟਾ ਪ੍ਰਾਪਤ ਕਰਨ ਲਈ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਇਕ ਵਫ਼ਦ ਨੇ ਸ਼੍ਰੀ ਰੇਡੂ ਦੇ ਫਾਰਮ ਪਿੰਡ ਬਾਲਕ, ਜ਼ਿਲ੍ਹਾ ਹਿਸਾਰ ਦਾ ਦੌਰਾ ਕੀਤਾ। ਇਕ ਪ੍ਰਭਾਵਸ਼ਾਲੀ ਇਕੱਠ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਕ੍ਰਿਸ਼ਨ ਰੇਡੂ, ਸਾਬਕਾ ਸਰਪੰਚ ਸ਼੍ਰੀ ਸਾਧੂ ਰਾਮ ਰੇਡੂ ਅਤੇ ਪਿੰਡ ਦੀ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਮਹਾਂਵੀਰ ਅਤੇ ਸਥਾਨਕ ਸਮਾਜ ਸੇਵਕ ਸ਼ਾਮਿਲ ਹੋਏ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜਾ ਸੁਭਾਗਾ ਮੌਕਾ ਹੈ ਕਿ ਯੂਨੀਵਰਸਿਟੀ ਨੂੰ ਡੇਅਰੀ ਜਾਨਵਰਾਂ ਦੀ ਨਸਲ ਸੁਧਾਰ ਲਈ ਇਕ ਕਿਸਾਨ ਨੇ ਅੱਗੇ ਵੱਧ ਕੇ ਉਤਮ ਕੱਟਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਨਵਰਾਂ ਦੀ ਵਿਗਿਆਨਕ ਅਤੇ ਟਿਕਾਊ ਨਸਲ ਸੁਧਾਰ ਲਈ ਵਚਨਬੱਧ ਹਾਂ।
ਇਸ ਕੱਟੇ ਦੀ ਮਾਂ ਦੇ ਸੂਏ ਦਾ ਦੁੱਧ 3600 ਕਿੱਲੋਗ੍ਰਾਮ ਅਤੇ ਵੱਧ ਤੋਂ ਵੱਧ ਇਕ ਦਿਨ ਦਾ ਉਤਪਾਦਨ 17.746 ਕਿੱਲੋ ਰਿਹਾ ਹੈ। ਇਸ ਦੀ ਮਾਂ ਦੀ ਮਾਂ ਦਾ ਪੂਰੇ ਸੂਏ ਦਾ ਉਤਪਾਦਨ 5102 ਕਿੱਲੋਗ੍ਰਾਮ ਅਤੇ ਸਿਖਰਲਾ ਉਤਪਾਦਨ 26.5 ਕਿੱਲੋਗ੍ਰਾਮ ਪ੍ਰਤੀ ਦਿਨ ਰਿਹਾ ਹੈ।
ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਕੱਟੇ ਤੋਂ ਗੁਣਵੱਤਾ ਵਾਲੇ ਵੀਰਜ ਦਾ ਉਤਪਾਦਨ ਕਰਕੇ ਚੱਲ ਰਹੇ ਨਸਲ ਸੁਧਾਰ ਦੇ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾਵੇਗਾ।
ਮੁਰ੍ਹਾ ਮੱਝਾਂ ਦੀ ਨਸਲ ਦੇ ਸੁਧਾਰ ਸੰਬੰਧੀ ਵੈਟਨਰੀ ਯੂਨੀਵਰਸਿਟੀ ਨੂੰ ਵੱਡਾ ਹੁਲਾਰਾ
