ਐਸ.ਏ.ਐਸ. ਨਗਰ, 24 ਜੂਨ:- ਨਜਦੀਕੀ ਪਿੰਡ ਸੋਹਾਣਾ ਵਿੱਚ ਨਗਰ ਨਿਗਮ ਵੱਲੋਂ ਟੋਭੇ ਦੀ ਸ਼ਾਮਲਾਤ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਕਰੀਬ ਡੇਢ ਦਰਜਨ ਗੈਰਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਪਿੰਡ ਦੇ ਕੁੜੀਆਂ ਵਾਲੇ ਸਕੂਲ ਦੇ ਪਿਛਲੇ ਪਾਸੇ ਸਥਿਤ ਟੋਭੇ ਵਾਲੀ ਥਾਂ ’ਤੇ ਕੀਤੀ ਗਈ।
ਇਸ ਮੌਕੇ ਸਮਾਜਸੇਵੀ ਆਗੂ ਅਤੇ ਕੌਂਸਲਰ ਸ਼ਰਨਜੀਤ ਕੌਰ ਦੇ ਪ੍ਰਤੀਨਿਧੀ ਸ. ਰੁਪਿੰਦਰ ਸਿੰਘ ਰੂਪਾ ਸੋਹਾਣਾ ਨੇ ਨਿਗਮ ਦੀ ਟੀਮ ਨਾਲ ਮਿਲ ਕੇ ਕਾਰਵਾਈ ਦੀ ਨਿਗਰਾਨੀ ਕੀਤੀ। ਨਗਰ ਨਿਗਮ ਦੇ ਕੌਂਸਲਰ ਸ. ਹਰਜੀਤ ਸਿੰਘ ਭੋਲੂ ਵੀ ਮੌਕੇ ’ਤੇ ਹਾਜ਼ਰ ਰਹੇ।
ਰੁਪਿੰਦਰ ਸਿੰਘ ਰੂਪਾ ਨੇ ਦੱਸਿਆ ਕਿ ਪਿੰਡ ਦੀ ਕਰੀਬ ਤਿੰਨ ਏਕੜ ਸ਼ਾਮਲਾਤ ਜ਼ਮੀਨ ’ਤੇ ਸਥਿਤ ਪੁਰਾਣੇ ਟੋਭੇ ਦੀ ਥਾਂ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਪੱਕੀਆਂ ਉਸਾਰੀਆਂ ਕਰ ਲਈਆਂ ਗਈਆਂ ਸਨ। ਕਈ ਥਾਵਾਂ ’ਤੇ ਲੈਂਟਰ ਪਾ ਕੇ ਬਿਜਲੀ ਕਨੈਕਸ਼ਨ ਵੀ ਲਏ ਗਏ ਸਨ ਅਤੇ ਕੁਝ ਲੋਕਾਂ ਵੱਲੋਂ ਇੱਥੇ ਪੀ.ਜੀ. ਚਲਾ ਕੇ ਵਪਾਰਕ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਕਰੀਬ ਡੇਢ ਕਿਲੇ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾ ਲਿਆ ਹੈ। ਬਾਕੀ ਰਹਿੰਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੀ ਕਾਰਵਾਈ ਜਾਰੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਕੀਤੇ ਸਾਰੇ ਗੈਰਕਾਨੂੰਨੀ ਕਬਜ਼ੇ ਹਟਾਏ ਜਾਣਗੇ ਅਤੇ ਇਹ ਮੁਹਿੰਮ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਖਬਰ ਲਿਖੇ ਜਾਣ ਤੱਕ ਨਗਰ ਨਿਗਮ ਦੀ ਟੀਮ ਵੱਲੋਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਜਾਰੀ ਸੀ।
ਪਿੰਡ ਸੋਹਾਣਾ ਵਿੱਚ ਨਗਰ ਨਿਗਮ ਦਾ ਪੀਲਾ ਪੰਜਾ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ
