ਐਸ ਏ ਐਸ ਨਗਰ, 29 ਅਪ੍ਰੈਲ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਉਦਯੋਗਪਤੀਆਂ ਦੇ ਨਾਲ ਹਮੇਸ਼ਾ ਖੜੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਤੀਬਵਾਰ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਸਨਅਤੀ ਖੇਤਰ ਫੇਜ਼ 7 ਅਤੇ 8 ਦੀਆਂ ਲਾਈਟਾਂ ਨੇੜੇ 15 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਾਈ ਗਈ ਸਲਿਪ ਸੜਕ ਨੂੰ ਲੋਕ ਅਰਪਿਤ ਕਰਨ ਮੌਕੇ ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਵਲੋਂ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦੀ ਉਸਾਰੀ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਰਸਤੇ ਨਾਲ ਸਨਅਤੀ ਖੇਤਰ ਵਿੱਚ ਆਵਾਜਾਈ ਹੋਰ ਸੁਚਾਰੂ ਅਤੇ ਤੇਜ਼ ਹੋਵੇਗੀ, ਜੋ ਕਿ ਉਦਯੋਗਪਤੀਆਂ ਅਤੇ ਕਰਮਚਾਰੀਆਂ ਲਈ ਵੱਡੀ ਸਹੂਲਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਮੁਹਾਲੀ ਦਾ ਸਨਅਤੀ ਖੇਤਰ, ਨਾ ਸਿਰਫ ਵੱਡਾ ਮਾਲੀਆ ਉਤਪੰਨ ਕਰਦਾ ਹੈ, ਬਲਕਿ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਦਿੰਦਾ ਹੈ ਅਤੇ ਅਜਿਹੇ ਖੇਤਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਨਗਰ ਨਿਗਮ ਵਲੋਂ ਇਸ ਖੇਤਰ ਦੇ ਹੋਰ ਵੀ ਵਿਕਾਸ ਕਾਰਜ, ਜਿਵੇਂ ਕਿ ਸੜਕਾਂ ਦੀ ਮੁਰੰਮਤ, ਲਾਈਟਿੰਗ ਸਿਸਟਮ, ਅਤੇ ਨਿਕਾਸੀ ਪ੍ਰਬੰਧਾਂ ਨੂੰ ਅੱਗੇ ਲੈ ਜਾਣ ਦੀ ਯੋਜਨਾ ਹੈ।
ਇਸ ਮੌਕੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਅਨੁਰਾਗ ਅਗਰਵਾਲ ਤੋਂ ਇਲਾਵਾ ਪ੍ਰਧਾਨ ਮੁਕੇਸ਼ ਬੰਸਲ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ, ਜਾਇੰਟ ਸਕੱਤਰ ਕਮਲ ਧੁਪਰ ਅਤੇ ਹੋਰ ਮੈਂਬਰ ਹਾਜ਼ਰ ਸਨ।
ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਤਰਤੀਬਵਾਰ ਤਰੀਕੇ ਨਾਲ ਹੱਲ ਕਰੇਗਾ ਨਗਰ ਨਿਗਮ : ਮੇਅਰ ਜੀਤੀ ਸਿੱਧੂ
