ਬਟਾਲਾ, 16 ਸਤੰਬਰ:- ਵਿਆਹ ਪੁਰਬ ਸਬੰਧੀ ਹਰ ਤਰ੍ਹਾਂ ਦੀ ਤਿਆਰੀ ਤਹਿਤ ਦਫ਼ਤਰ ਫਾਇਰ ਬ੍ਰਿਗੇਡ ਵਿਖੇ ਫਾਇਰ ਅਫ਼ਸਰ ਅਤੇ ਫਾਇਰ ਫਾਈਟਰਾਂ ਵੱਲੋਂ ਬ੍ਰੀਥਿੰਗ ਉਪਰੇਟਰ, ਫਾਇਰ ਸੂਟ ਤੇ ਵਾਇਰਲੈਸ ਸਿਸਟਮ ਦੀ ਮੌਕ ਡਰਿੱਲ ਕੀਤੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਵਿੱਚ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਵਿੱਚ ਫਾਇਰ ਫਾਈਟਰਾਂ ਵੱਲੋਂ ਇਹ ਮੌਕ ਡਰਿੱਲ ਕੀਤੀ ਗਈ।
ਇਸ ਮੌਕੇ ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਬ੍ਰੀਥਿੰਗ ਉਪਰੇਟਰ (ਸਾਹ ਲੈਣ ਵਾਲਾ ਯੰਤਰ) ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅੱਗ ਲੱਗਣ ਵਾਲੀ ਥਾਂ ਵਿੱਚ ਜ਼ਹਿਰੀਲੀ ਗੈਸ ਜਾਂ ਸੰਘਣਾ ਧੂੰਆਂ ਵੱਧਣ ਕਾਰਣ (ਖਾਸਕਰ ਬੇਸਮੈਂਟ) ਆਕਸੀਜਨ ਦੀ ਮਾਤਰਾ ਬਹੁਤ ਘੱਟ ਜਾਂਦੀ ਹੈ ਅਤੇ ਉਥੇ ਫਸੇ ਵਿਅਕਤੀ ਨੂੰ ਬਾਹਰ ਕੱਢਣ ਵੇਲੇ ਕੀਤੀ ਜਾਂਦੀ ਹੈ। ਫਾਇਰ ਸੂਟ ਦੀ ਵਰਤੋਂ ਕਿਸੇ ਅੱਗ ਵਿੱਚ ਫਸੇ ਵਿਅਕਤੀ ਨੂੰ ਰੈਸਕਿਊ ਕਰਨਾ ਤੇ ਵਾਇਰਲੈਸ ਸਿਸਟਮ ਨਾਲ ਜ਼ਰੂਰੀ ਸੁਨੇਹੇ ਤੇ ਤਾਲਮੇਲ ਬਣਾਉਣਾ ਹੁੰਦਾ ਹੈ, ਜਿਸ ਨਾਲ ਰੈਸਕਿਊ ਉਪਰੇਸ਼ਨ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
ਇਸ ਨਾਲ ਹੀ ਹਰ ਤਰ੍ਹਾਂ ਦੀ ਆਫ਼ਤ ਨਾਲ ਨਜਿੱਠਣ ਲਈ ਹੋਰ ਕਈ ਤਰ੍ਹਾਂ ਦੇ ਅਭਿਆਸ ਫਾਇਰ ਫਾਈਟਰਾਂ ਵੱਲੋਂ ਕੀਤੇ ਗਏ।