ਪਟਿਆਲਾ, 27 ਜੁਲਾਈ:- ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਰਾਣੀ ਪੁਲਿਸ ਲਾਈਨ ਵਿਖੇ ਕਰਵਾਏ ਗਏ। ਇਹ ਮੁਕਾਬਲੇ ਸਟੇਟ ਐਵਾਰਡੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ ਦੀ ਸਰਪ੍ਰਸਤੀ ਹੇਠ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਆਯੋਜਿਤ ਕੀਤੇ ਗਏ।
ਮੁਕਾਬਲਿਆਂ ਦੌਰਾਨ 9 ਸਕੂਲਾਂ ਦੇ 36 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀਆਂ ਭਾਵਨਾਵਾਂ ਰਾਹੀਂ ਡਾ. ਕਲਾਮ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਨੇ ਡਾ. ਕਲਾਮ ਸਾਹਿਬ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਦੀ ਦੇਸ਼ ਭਗਤੀ ਅਤੇ ਭਾਰਤ ਨੂੰ ਵਿਗਿਆਨਕ ਖੇਤਰ ਵਿੱਚ ਮਜ਼ਬੂਤ ਬਣਾਉਣ ਲਈ ਕੀਤੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਦੱਸਿਆ ਕਿ ਡਾ. ਕਲਾਮ ਸਾਹਿਬ ਨੇ ਆਪਣੇ ਬਚਪਨ ਅਤੇ ਜਵਾਨੀ ਵਿੱਚ ਗਰੀਬੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਆਪਣੀ ਮਿਹਨਤ, ਲਗਨ ਅਤੇ ਦੇਸ਼ ਪ੍ਰਤੀ ਸਮਰਪਣ ਨਾਲ ਉਹ ਭਾਰਤ ਮਾਂ ਦੇ ਸੱਚੇ ਕਰਮਯੋਗੀ ਸਪੁੱਤਰ ਬਣੇ। ਉਨ੍ਹਾਂ ਨੇ ਵਿਦੇਸ਼ ਵਿੱਚ ਉੱਚ ਸਿੱਖਿਆ ਅਤੇ ਸੁਖਦਾਇਕ ਮੌਕਿਆਂ ਨੂੰ ਛੱਡ ਕੇ ਭਾਰਤ ਵਾਪਸ ਆ ਕੇ ਦਿਨ-ਰਾਤ ਮਿਹਨਤ ਕੀਤੀ ਅਤੇ ਮਿਜ਼ਾਈਲ ਤਕਨਾਲੋਜੀ ਅਤੇ ਵਿਗਿਆਨਕ ਉਪਲਬਧੀਆਂ ਰਾਹੀਂ ਦੇਸ਼ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਸੁਸ਼ਮਾ, ਲੈਕਚਰਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤ ਦੇ ਮਹਾਨ ਕ੍ਰਾਂਤੀਕਾਰੀਆਂ ਅਤੇ ਦੇਸ਼ ਭਗਤਾਂ ਦੇ ਜੀਵਨ ਤੋਂ ਜਾਣੂ ਕਰਵਾਉਣ ਨਾਲ ਉਨ੍ਹਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਅਤੇ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ। ਇਸ ਨਾਲ ਉਹ ਨਸ਼ਿਆਂ ਅਤੇ ਅਪਰਾਧਾਂ ਤੋਂ ਦੂਰ ਰਹਿ ਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਹੁੰਦੇ ਹਨ।
ਇਸ ਮੌਕੇ ਸ਼੍ਰੀਮਤੀ ਰਵਿੰਦਰ ਕੌਰ ਸਿੱਧੂ, ਜਰਨੈਲ ਸਿੰਘ, ਸੁਖਨੈਬ ਸਿੰਘ ਅਤੇ ਅਲਕਾ ਅਰੋੜਾ ਨੇ ਦੱਸਿਆ ਕਿ 27 ਜੁਲਾਈ 2015 ਨੂੰ ਡਾ. ਕਲਾਮ ਸਾਹਿਬ ਸ਼ਿਲਾਂਗ ਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਪਰਮਾਣੂ, ਐਟਮੀ ਤਕਨਾਲੋਜੀ, ਵਿਕਾਸ, ਖੁਸ਼ਹਾਲੀ, ਅਮਨ-ਸ਼ਾਂਤੀ, ਨੈਤਿਕ ਮੁੱਲਾਂ ਅਤੇ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦੇ ਰਹੇ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਫਸਟ ਏਡ, ਸੀਪੀਆਰ ਜਾਂ ਰਿਕਵਰੀ ਪੁਜ਼ੀਸ਼ਨ ਦੀ ਤੁਰੰਤ ਸਹਾਇਤਾ ਮਿਲਦੀ ਤਾਂ ਸਥਿਤੀ ਵੱਖਰੀ ਹੋ ਸਕਦੀ ਸੀ।
ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਨਾਲ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਕਰਮਚਾਰੀਆਂ ਅਤੇ ਉਦਯੋਗਿਕ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਫਸਟ ਏਡ, ਸੀਪੀਆਰ, ਫਾਇਰ ਸੇਫਟੀ ਅਤੇ ਆਫ਼ਤ ਪ੍ਰਬੰਧਨ ਸਬੰਧੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੀਮਤੀ ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ ਸਨਮਾਨਿਤ ਵੀ ਕੀਤਾ ਜਾਂਦਾ ਹੈ।