ਐਸ ਏ ਐਸ ਨਗਰ, 13 ਅਕਤੂਬਰ- ਐਕਸ ਸਰਵਿਸਮੈਨ ਗਰੀਵੈਂਸਿਸ ਸੈਲ ਦੇ ਯਤਨਾਂ ਸਦਕਾ ਇੱਕ ਸਾਬਕਾ ਫੌਜੀ ਦੀ 75 ਵਰ੍ਹਿਆਂ ਦੀ ਵਿਧਵਾ ਨੂੰ 50 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਨਸਾਫ ਮਿਲਿਆ ਹੈ ਅਤੇ ਫੌਜ ਵੱਲੋਂ ਉਸ ਨੂੰ ਦੋਹਰੀ ਪਰਿਵਾਰਿਕ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਸੰਸਥਾ ਐਕਸ ਸਰਵਿਸਮੈਨ ਗਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ.ਐਸ. ਸੋਹੀ (ਸੇਵਾ ਮੁਕਤ) ਨੇ ਦੱਸਿਆ ਕਿ 1971 ਵਿੱਚ ਦੇਸ਼ ਲਈ ਜੰਗ ਲੜ ਚੁੱਕੇ ਸਵ. ਸਿਪਾਹੀ ਸ਼ਾਮ ਸਿੰਘ ਦੀ ਵਿਧਵਾ ਕਰਨੈਲ ਕੌਰ ਨੂੰ 50 ਸਾਲਾਂ ਦੇ ਸੰਘਰਸ਼ ਤੋਂ ਬਾਅਦ ਦੋਹਰੀ ਪਰਿਵਾਰਕ ਪੈਨਸ਼ਨ ਮਿਲੀ ਹੈ। ਕਰਨਲ ਸੋਹੀ ਨੇ ਦੱਸਿਆ ਕਿ ਮਰਹੂਮ ਸਿਪਾਹੀ ਸ਼ਾਮ ਸਿੰਘ ਵਾਸੀ ਪਿੰਡ ਖਾਨਪੁਰ ਖੱਦਰ, ਤਹਿ. ਬਨੂੜ, ਮੁਹਾਲੀ 10.2.1966 ਨੂੰ ਫੌਜ (ਸਿੱਖ ਰੈਜੀਮੈਂਟ)ਵਿੱਚ ਭਰਤੀ ਹੋਇਆ ਸੀ ਅਤੇ 21.1.1973 ਨੂੰ 20 ਫੀਸਦੀ ਅਪੰਗਤਾ ਪੈਨਸ਼ਨ ਦੇ ਨਾਲ ਮੈਡੀਕਲ ਤੌਰ ਤੇ ਉਸ ਨੂੰ ਫੌਜ ਤੋਂ ਲਾਂਭੇ ਕਰ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਸ਼ਾਮ ਸਿੰਘ ਨੇ ਪੁੰਛ ਸੈਕਟਰ (ਜੰਮੂ ਅਤੇ ਕਸ਼ਮੀਰ) ਵਿੱਚ ਭਾਰਤ-ਪਾਕਿ 1971 ਦੀ ਜੰਗ (3.12.71 ਤੋਂ 16.12.71 ਤੱਕ) ਵਿੱਚ ਹਿੱਸਾ ਲਿਆ ਸੀ ਅਤੇ ਜੰਗ ਦੌਰਾਨ 9. 12. 71 ਨੂੰ ਦੁਸ਼ਮਣ ਦੇ ਪਾਸਿਓਂ ਆਏ ਇੱਕ ਬੰਬ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਇੱਕ ਅੱਖ ਨੂੰ ਨੁਕਸਾਨ ਪਹੁੰਚਿਆ ਸੀ। ਉਹਨਾਂ ਦੱਸਿਆ ਕਿ ਸਿਪਾਹੀ ਸ਼ਾਮ ਸਿੰਘ ਨੂੰ ਇਲਾਜ ਲਈ ਰਾਜੌਰੀ ਅਤੇ ਜੰਮੂ ਦੇ ਮਿਲਟਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਉਸਨੂੰ ਘੱਟ ਮੈਡੀਕਲ ਸ਼੍ਰੇਣੀ ਬੀਈਈ (ਪੀ) ਦਿੱਤਾ ਗਿਆ ਸੀ, ਇਸਲਈ, ਉਸਨੂੰ ਕ੍ਰੋਨਿਕ ਟ੍ਰੈਕੋਮਾ ਅਤੇ 20ਫੀਸਦੀ ਡਿਸਏਬਲਟੀ ਪੈਨਸ਼ਨ ਦੇ ਨਾਲ ਰਿਲੀਜ਼ ਮੈਡੀਕਲ ਬੋਰਡ (ਆਰ ਐਮ ਬੀ) ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ 21.1.1973 ਨੂੰ ਬਾਹਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦੋਂ ਉਸਦਾ ਕੇਸ ਸੀਡੀਏ (ਪੀ) ਇਲਾਹਾਬਾਦ ਵਿੱਚ ਮੈਡੀਕਲ ਸਲਾਹਕਾਰ ਪੈਨਸ਼ਨ (ਐਮਏਪੀ) ਕੋਲ ਪਹੁੰਚਿਆ, ਤਾਂ ਇਸਨੂੰ 24.5.1973 ਨੂੰ ਰੱਦ ਕਰ ਦਿੱਤਾ ਗਿਆ। ਫੌਜ ਤੋਂ ਬਾਅਦ, ਸਿਪਾਹੀ ਸ਼ਾਮ ਸਿੰਘ ਨੇ ਸਿਵਲ, ਚਪੜਾਸੀ ਦੀ ਨੌਕਰੀ ਕੀਤੀ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ 8000/- ਰੁਪਏ ਪੈਨਸ਼ਨ ਪ੍ਰਾਪਤ ਕੀਤੀ।
ਕਰਨਲ ਸੋਹੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਵੱਖ-ਵੱਖ ਪੱਧਰਾਂ ਤੇ ਕੁਝ ਚਿੱਠੀਆਂ ਭੇਜਣ ਤੋਂ ਬਾਅਦ, ਉਹਨਾਂ ਦੀ ਸੰਸਥਾ ਨੇ ਸਿਪਾਹੀ ਸ਼ਾਮ ਸਿੰਘ ਦਾ ਕੇਸ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫਟੀ) ਚੰਡੀਗੜ੍ਹ ਵਿਖੇ 2476/2017 ਨੂੰ ਦਾਇਰ ਕੀਤਾ। ਕਰਨਲ ਸੋਹੀ ਨੇ ਦੱਸਿਆ ਕਿ ਅਦਾਲਤ ਵਿੱਚ ਚਰਚਾ ਦਾ ਬਿੰਦੂ ਇਹ ਸੀ ਕਿ, ਇਹ ਅੱਖ ਦੀ ਬਿਮਾਰੀ ਸੀ ਨਾ ਕਿ ਜੰਗ ਵਿੱਚ ਲੱਗੀ ਸੱਟ। ਉਹਨਾਂ ਕਿਹਾ ਕਿ ਸੰਸਥਾ ਦੇ ਵਕੀਲ ਆਰ ਐਨ ਓਝਾ ਨੇ ਅਦਾਲਤ ਵਿੱਚ ਸਾਬਤ ਕੀਤਾ ਕਿ ਇਹ ਸੱਟ 9.12.71 ਨੂੰ ਜੰਗ ਦੌਰਾਨ ਲੱਗੀ ਸੀ, ਇਸਲਈ ‘ਜੰਗੀ ਦੁਰਘਟਨਾ’ ਲਈ ਉਕਤ ਫੌਜੀ ਪੈਨਸ਼ਨ ਦਾ ਹੱਕਦਾਰ ਹੈ।
ਉਹਨਾਂ ਦਸਿਆ ਕਿ ਅਦਾਲਤ ਨੇ ਇਸ ਉੱਤੇ ਸਹਿਮਤੀ ਦਿੱਤੀ ਅਤੇ 2014 ਤੋਂ ‘ਉਦਾਰੀਕਰਨ ਪੈਨਸ਼ਨ’ ਨੂੰ 3 ਮਹੀਨਿਆਂ ਦੇ ਅੰਦਰ ਅਤੇ 8 ਫੀਸਦੀ ਵਿਆਜ ਜਾਰੀ ਕਰਨ ਦਾ ਹੁਕਮ ਦਿੱਤਾ। ਕਿਉਂਕਿ, 19.5.2021 ਨੂੰ ਸਿਪਾਹੀ ਸ਼ਾਮ ਸਿੰਘ ਦੀ ਮੌਤ ਹੋ ਗਈ ਸੀ, ਹੁਣ ਉਸਦੀ ਵਿਧਵਾ ਕਰਨੈਲ ਕੌਰ ਨੂੰ ਬਕਾਏ ਸਮੇਤ ਮੁਫਤ ਮੈਡੀਕਲ ਅਤੇ ਸੀਐਸਡੀ ਕੰਟੀਨ ਸੇਵਾਵਾਂ ਵਰਗੀਆਂ ਹੋਰ ਸਹੂਲਤਾਂ ਸਮੇਤ ਦੋਹਰੀ ਫੈਮਲੀ ਪੈਨਸ਼ਨ (ਰੁਪਏ 16000 +8000 ਪ੍ਰਤੀ ਮਹੀਨਾ) ਮਿਲੇਗੀ।