ਗੜ੍ਹਸ਼ੰਕਰ, 31 ਮਈ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਚਾਰ ਸਾਲਾ ਇੰਟੀਗ੍ਰੇਟਿਡ ਬੀ.ਐੱਸ.ਸੀ.-ਬੀ.ਐੱਡ. ਕੋਰਸ ਦੇ ਪੰਜਵੇਂ ਸਮੈਸਟਰ ਦੇ ਐਲਾਨੇ ਨਤੀਜਿਆਂ ਵਿੱਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ **ਭਾਵਿਆ** ਨੇ 93.46 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ **ਹਰਮਨਪ੍ਰੀਤ ਕੌਰ** ਨੇ 91.06 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ **ਸਾਨੀਆ** ਨੇ 81.13 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਡਾ. ਹੀਰਾ ਨੇ ਦੱਸਿਆ ਕਿ ਭਾਵਿਆ ਅਤੇ ਹਰਮਨਪ੍ਰੀਤ ਕੌਰ ਇਸ ਤੋਂ ਪਹਿਲਾਂ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਮੈਸਟਰ ਵਿੱਚ ਵੀ ਮੈਰਿਟ ਸੂਚੀ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰ ਚੁੱਕੀਆਂ ਹਨ। ਹੁਣ ਪੰਜਵੇਂ ਸਮੈਸਟਰ ਵਿੱਚ ਵੀ ਦੋਵਾਂ ਵਿਦਿਆਰਥਣਾਂ ਨੇ ਆਪਣੀ ਲਗਾਤਾਰ ਸ਼ਾਨਦਾਰ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਦਿਆਂ ਮੈਰਿਟ ਸੂਚੀ ਵਿੱਚ ਮੁੜ ਮੱਲਾਂ ਮਾਰੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਵਿਦਿਆਰਥਣਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ, ਸਗੋਂ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦੇ ਸਮੂਹ ਸਟਾਫ਼ ਦੇ ਸਹਿਯੋਗ ਦਾ ਵੀ ਪ੍ਰਤੀਕ ਹੈ।
ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਸ਼ਾਨਦਾਰ ਸਫਲਤਾ ਲਈ ਭਾਵਿਆ, ਹਰਮਨਪ੍ਰੀਤ ਕੌਰ ਅਤੇ ਸਾਨੀਆ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਦੇ ਮਾਪਿਆਂ, ਐਜੂਕੇਸ਼ਨ ਵਿਭਾਗ ਅਤੇ ਸਮੂਹ ਸਟਾਫ਼ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।