ਨਵਾਂਸ਼ਹਿਰ, 05 ਸਤੰਬਰ:- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ - ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵਲੋਂ ਭਾਜਪਾ - ਆਰ ਐਸ ਐਸ ਦੇ ਫਾਸ਼ੀਵਾਦ ਵਿਰੁੱਧ 26 ਸਤੰਬਰ ਨੂੰ ਮੋਗਾ ਦੀ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਲਈ ਪਿੰਡ ਮੰਗੂਵਾਲ ਵਿੱਚ ਜਾਗੋ ਕੱਢੀ ਗਈ ਜਿਸ ਵਿੱਚ ਔਰਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਆਗੂ ਕੁਲਵਿੰਦਰ ਸਿੰਘ ਵੜੈਚ ਅਤੇ ਜਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਭਾਜਪਾ - ਆਰ ਐਸ ਐਸ ਦੀ ਮੋਦੀ ਸਰਕਾਰ ਦੇਸ਼ ਦਾ ਸੰਵਿਧਾਨ ਅਤੇ ਜਮਹੂਰੀਅਤ ਖ਼ਤਮ ਕਰਕੇ ਦੇਸ਼ ਵਿਚ ਤਾਨਾਸ਼ਾਹੀ ਲਿਆਉਣਾ ਚਾਹੁੰਦੀ ਹੈ ਇਸ ਲਈ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਨਿੱਤ ਕਾਲੇ ਕਾਨੂੰਨ ਘੜੇ ਜਾ ਰਹੇ ਹਨ, ਵਿਰੋਧੀਆਂ ਨੂੰ ਜੇਹਲਾਂ ਵਿੱਚ ਸੁਟਿਆ ਜਾ ਰਿਹਾ ਹੈ, ਇਥੋਂ ਤੱਕ ਕਿ ਸੰਸਦ ਦੀ ਮਰਿਆਦਾ ਨੂੰ ਖੁੱਦ ਹੀ ਤਾਰ ਤਾਰ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਪ੍ਰਬੰਧ ਪੰਜਾਬ ਹਵਾਲੇ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ, ਸਾਰੇ ਸਿਆਸੀ ਕੈਦੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ, ਯੂ ਏ ਪੀ ਏ, ਐਸਮਾ ਅਤੇ ਹੋਰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਉਹਨਾਂ ਮੋਗਾ ਰੈਲੀ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜਸਵੰਤ ਖਟਕੜ, ਸੋਹਣ ਸਿੰਘ ਅਟਵਾਲ, ਸਰਬਜੀਤ ਮੰਗੂਵਾਲ, ਬਲਜੀਤ ਧਰਮਕੋਟ, ਕਿਰਨਜੀਤ ਕੌਰ, ਬਲਵੀਰ ਮੰਗੂਵਾਲ ਅਤੇ ਹੋਰ ਆਗੂ ਵੀ ਮੌਜੂਦ ਸਨ।