ਹੁਸ਼ਿਆਰਪੁਰ:- ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਖਿਲਾੜੀਆਂ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਮੂਹ ਸਿੰਘਾਂ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲੇ ਦੀ ਆਰੰਭਤਾ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਬੇਬੇ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਭਾਗ ਕੌਰ, ਬੀਬੀ ਗੁਲਾਬ ਕੌਰ, ਮਾਤਾ ਵਿਦਿਆਵਤੀ, ਦੁਰਗਾ ਦੇਵੀ, ਬੀਬੀ ਹਰਸ਼ਰਨ ਕੌਰ ਸਮੇਤ ਵਿਸ਼ਵ ਦੀਆਂ ਸਮੂਹ ਮਹਾਨ ਮਾਂਵਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਬੰਦਾ ਬੇਸ਼ੱਕ ਜਿੰਨਾ ਮਰਜੀ ਮਹਾਨ ਜਾਂ ਜਗਤ ਪ੍ਰਸਿੱਧ ਹੋ ਜਾਵੇ ਪਰ ਉਹ ਆਪਣੀਂ ਮਾਂ ਦੇ ਅਹਿਸਾਨਾਂ ਦਾ ਕਰਜ਼ ਚੁਕਾਉਣ ਤੋਂ ਅਸਮੱਰਥ ਰਹਿੰਦਾ ਹੈ।
ਹਰ ਮਹਾਨ ਵਿਅਕਤੀ ਦੀ ਪ੍ਰਾਪਤੀ ਔਰਤ ਦੀ ਪ੍ਰੇਰਣਾ ਤੇ ਆਸੀਰਵਾਦ ਸਦਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਸੂਬੇ ਦੇ ਮਾੜ੍ਹੇ ਹਾਲਾਤਾਂ ਤੇ ਨਿਕੰਮੇ ਹਾਕਮਾਂ ਕਾਰਨ ਅੱਜ ਤੱਕ ਔਰਤਾਂ ਨੂੰ ਮਰਦਾਂ ਬਰਾਬਰ ਬਣਦਾ ਮਾਣ ਸਤਿਕਾਰ ਤੇ ਅਧਿਕਾਰ ਪ੍ਰਾਪਤ ਨਹੀਂ ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਆਪਣਾਂ ਫਰਜ਼ ਸਮਝਦੇ ਹੋਏ ਆਪਣੇਂ ਸਿਰ ਚੜਿਆ ਕਰਜ਼ ਉਤਾਰਨ ਲਈ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਹੀ ਸਮਾਜ ਤੇ ਦੇਸ਼ ਤਰੱਕੀ ਤੇ ਸੁਧਾਰ ਦੇ ਰਾਹ ਪੈ ਸਕਦੈ। ਇਸ ਮੌਕੇ ਤੇ ਮਾਤਾ ਭਗਵੰਤ ਕੌਰ ਕੈਨੇਡਾ ਤੇ ਸਿਮਰਜੀਤ ਕੌਰ ਹੀਰ ਦਾ ਸਨਮਾਨ ਕੀਤਾ ਗਿਆ।
ਇਸ ਸੰਖੇਪ ਤੇ ਵਿਸੇਸ਼ ਸਮਾਗਮ ਵਿੱਚ ਵਿੱਚ ਭੈਣ ਨਛੱਤਰ ਕੌਰ ਕੈਨੇਡਾ, ਸੁਰਿੰਦਰ ਕੌਰ ਸਹੋਤਾ, ਕੁਲਜੀਤ ਕੌਰ, ਰਾਜਵਿੰਦਰ ਕੌਰ, ਮਹਿੰਦਰਜੀਤ ਕੌਰ, ਜਸਪ੍ਰੀਤ ਕੌਰ, ਜਸਨੂਰ ਕੌਰ, ਸੁਖਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਤੇ ਸਰਦਾਰ ਕੁਲਵੰਤ ਸਿੰਘ ਰੰਧਾਵਾ, ਸਰਦਾਰ ਝਲਮਣ ਸਿੰਘ ਹੀਰ, ਲਾਡੀ ਰੰਧਾਵਾ, ਚੈਂਚਲ ਸਿੰਘ ਹੀਰ ਕੈਨੇਡਾ, ਬਲਵੀਰ ਸਿੰਘ, ਮਲਕੀਤ ਸਿੰਘ ਹੀਰ ਸੋਨੀ ਭਾਰਦਵਾਜ ਨੇ ਵੀ ਹਾਜ਼ਰੀ ਭਰੀ।
ਆਉਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਤਲਵਿੰਦਰ ਸਿੰਘ ਹੀਰ ਨੇ ਕਿਹਾ ਕਿ ਜਗਤ ਮਾਤਾ ਗੁਜਰੀ ਜੀ ਦੇ ਪੋਤਰੇ ਤੇ ਮਾਤਾ ਸੁੰਦਰ ਕੌਰ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ‌ ਸ਼ਹੀਦਾਂ ਵਲੋਂ ਕੀਤੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਵਲੋਂ ਅਬਲਾ ਔਰਤ ਦੀ ਇੱਜ਼ਤ ਬਚਾਉਣ ਖਾਤਰ ਪ੍ਰਾਪਤ ਕੀਤੀ ਸ਼ਹੀਦੀ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ 10 ਮਾਰਚ ਨੂੰ ਮਨਾਇਆ ਜਾਂਦਾ ਰਹੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਔਰਤ ਦਾ ਸਤਿਕਾਰ ਕਰਨ ਲਈ ਇਤਿਹਾਸ ਨਾਲ ਜੋੜਨ ਦਾ ਨਿਰਵਿਘਨ ਉਪਰਾਲਾ ਜਾਰੀ ਰਹੇਗਾ। 
ਉਨ੍ਹਾਂ ਸਮੂਹ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਨੂੰ 10 ਮਾਰਚ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦਾਂ ਨੰਗਲ ਖਿਲਾੜੀਆਂ ਵਿਖੇ ਪਹੁੰਚਣ ਤੇ ਸ਼ਹੀਦੀ ਜੋੜ ਮੇਲੇ ਨੂੰ ਸਫਲ ਬਣਾ ਕੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਸ਼ਹੀਦਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਣ ਤੇ ਉਨ੍ਹਾਂ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਦੇਸ਼ ਤੇ ਸਮਾਜ ਦੀ ਤਰੱਕੀ ਤੇ ਸੁਧਾਰ 'ਚ ਯੋਗਦਾਨ ਪਾਉਣ ਲਈ ਖੁੱਲਾ ਸੱਦਾ ਦਿੱਤਾ।