ਚੰਡੀਗੜ੍ਹ- ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਦੀ ਦਿਸ਼ਾ ਹੁਣ ਇੱਕ ਵਾਰ ਫਿਰ ਬਦਲ ਸਕਦੀ ਹੈ। ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੇ ਕਿਹਾ ਕਿ ਉਹ ਐੱਫਆਈਆਰ ਵਿਚ ਦਰਜ ਧਾਰਾਵਾਂ ਅਤੇ ਇਸ ਵਿੱਚ ਸ਼ਾਮਲ ਨਾਵਾਂ ਨੂੰ ਲੈ ਕੇ ਸੰਤੁਸ਼ਟ ਨਹੀਂ ਹੈ। ਮ੍ਰਿਤਕ ਦੀ ਪਤਨੀ ਤੇ ਹਰਿਆਣਾ ਸਰਕਾਰ ’ਚ ਸੀਨੀਅਰ ਆਈਏਐੱਸ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਵੀਰਵਾਰ ਅੱਧੀ ਰਾਤ ਨੂੰ 12:53 ਵਜੇ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ ਕੋਲ ਨਵੀਂ ਸ਼ਿਕਾਇਤ ਦਰਜ ਕੀਤੀ ਹੈ।
ਆਈਏੇਐੈੱਸ ਅਧਿਕਾਰੀ ਨੇ ਨਵੀਂ ਸ਼ਿਕਾਇਤ ਵਿਚ ਪਹਿਲਾਂ ਦਰਜ ਐੱਫਆਈਆਰ ਵਿਚਲੀਆਂ ਖਾਮੀਆਂ ਵੱਲ ਇਸ਼ਾਰਾ ਕਰਦੇ ਹੋਏ ਇਸ ਨੂੰ ਫੌਰੀ ਸੋਧਣ ਤੇ ਮੁੜ ਤੋਂ ਜਾਂਚ ਦੀ ਮੰਗ ਕੀਤੀ ਹੈ। ਐੱਸਐੱਸਪੀ ਨੂੰ ਭੇਜੇ ਪੱਤਰ ਵਿਚ ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਰਾਤ 10:22 ਮਿੰਟ ’ਤੇ ਦਰਜ ਐੱਫਆਈਆਰ ਨੰਬਰ 156 ਅਧੂਰੀ ਹੈ ਤੇ ਇਸ ਵਿਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
ਅਮਨੀਤ ਪੀ.ਕੁਮਾਰ ਨੇ ਦੋਸ਼ ਲਗਾਇਆ ਕਿ ਐੱਫਆਈਆਰ ਵਿਚ ਮੁੱਖ ਮੁਲਜ਼ਮਾਂ ਡੀਜੀਪੀ ਸ਼ਤਰੂਜੀਤ ਕਪੂਰ ਤੇ ਰੋਹਤਕ ਦੇ ਐੱਸਪੀ ਨਰੇਂਦਰ ਬਿਜਾਰਨੀਆ ਦੇ ਨਾਮ ਸਪਸ਼ਟ ਰੂਪ ਵਿਚ ਦਾਇਰ ਨਹੀਂ ਕੀਤੇ ਗਏ ਜਦੋਂਕਿ ਉਨ੍ਹਾਂ ਦੇ ਪਤੀ ਵੱੱਲੋਂ ਛੱਡੇ ਗਏ ‘ਅੰਤਿਮ ਨੋਟ’ ਵਿਚ ਉਨ੍ਹਾਂ ਦੇ ਨਾਵਾਂ ਦਾ ਸਾਫ਼ ਜ਼ਿਕਰ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਐੱਫਆਈਆਰ ਦੀ ਕਾਪੀ ਅਧੂਰੀ ਹੈ ਤੇ ਇਸ ਵਿਚ ਮੁਲਜ਼ਮਾਂ ਦੇ ਨਾਮ ਸਪਸ਼ਟ ਨਹੀਂ ਹਨ ਤੇ ਦਸਤਾਵੇਜ਼ ਵਿਚ ਵੀ ਕਈ ਅਹਿਮ ਵੇਰਵਿਆਂ ਦੀ ਘਾਟ ਹੈ, ਜੋ ਨਿਰਪੱਖ ਜਾਂਚ ’ਤੇ ਸਵਾਲ ਚੁੱਕਦਾ ਹੈ।
ਆਈਏਐਸ ਅਧਿਕਾਰੀ ਅਮਨੀਤ ਪੀ.ਕੁਮਾਰ ਨੇ ਆਪਣੇ ਪੱਤਰ ਵਿਚ ਕਿਹਾ ਕਿ ਐਫਆਈਆਰ ਵਿੱਚ ਸ਼ਾਮਲ ਧਾਰਾਵਾਂ ਕਮਜ਼ੋਰ ਹਨ ਅਤੇ ਐੱਸਸੀ/ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਦੀ ਗਲਤ ਧਾਰਾ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਧਾਰਾ 3(2)(v) ਨੂੰ ਲਾਗੂ ਕੀਤਾ ਜਾਵੇ, ਜੋ ਕਿ ਕਿਸੇ ਦਲਿਤ ਅਧਿਕਾਰੀ ਵਿਰੁੱਧ ਪਰੇਸ਼ਾਨੀ ਜਾਂ ਕਾਰਵਾਈਆਂ ਨਾਲ ਸਬੰਧਤ ਗੰਭੀਰ ਸਥਿਤੀਆਂ ਵਿੱਚ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਆਂਇਕ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਜ਼ਰੂਰੀ ਹੈ ਕਿ ਕਾਨੂੰਨੀ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ।