ਲੁਧਿਆਣਾ, 4 ਨਵੰਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਭੋਜਨ ਸੁਰੱਖਿਆ ਅਤੇ ਵਾਤਾਵਰਣਕ ਸਥਿਰਤਾ ਲਈ ਜੀਨੋਮ ਐਡਿਟਿੰਗ (ਸੰਪਾਦਨ)’ ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਠੀ ਸ਼ੁਰੂ ਹੋਈ। ਇਸ ਵਿੱਚ ਭਾਰਤ, ਕੈਨੇਡਾ ਅਤੇ ਜਰਮਨੀ ਦੇ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਖੋਜਕਰਤਾ ਇਕੱਠੇ ਹੋਏ ਹਨ।

ਗੋਸ਼ਠੀ ਦਾ ਉਦਘਾਟਨ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਕੈਨੇਡਾ ਦੀ ਇੱਕ ਖੋਜ ਪਹਿਲਕਦਮੀ ਦੇ ਸਹਿਯੋਗ ਅਤੇ ਸਮਰਥਨ ਨਾਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਸਸਕੈਚਵਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਇਸ ਪ੍ਰੋਗਰਾਮ ਨੇ ਗ੍ਰੈਜੂਏਟ ਕੋਰਸਾਂ, ਸੈਮੀਨਾਰਾਂ ਅਤੇ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮਾਂ ਰਾਹੀਂ ਵੱਖ-ਵੱਖ ਤਕਨੀਕਾਂ ਵਿੱਚ ਉੱਨਤ ਸਿਖਲਾਈ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ, ਇਸ ਨੇ ਨੌਜਵਾਨ ਖੋਜਕਰਤਾਵਾਂ ਵਿੱਚ ਆਲੋਚਨਾਤਮਕ ਸੋਚ, ਸਮੱਸਿਆਵਾਂ ਹੱਲ ਕਰਨ ਦੀ ਸਮਰੱਥਾ, ਟੀਮ ਭਾਵਨਾ ਅਤੇ ਅਗਵਾਈ ਦੇ ਗੁਣਾਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਖੇਤੀਬਾੜੀ, ਪਸ਼ੂ ਵਿਗਿਆਨ, ਭੋਜਨ ਸੁਰੱਖਿਆ ਅਤੇ ਵਾਤਾਵਰਣਕ ਸਥਿਰਤਾ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਬਹੁ-ਅਨੁਸ਼ਾਸਨੀ ਖੋਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਆਯੋਜਨ ਸਕੱਤਰ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਇਸ ਗੋਸ਼ਠੀ ਵਿੱਚ ਮਾਹਿਰਾਂ ਵੱਲੋਂ ਜੀਨੋਮ ਐਡਿਟਿੰਗ, ਜੀਨੋਮਿਕਸ ਅਤੇ ਪਸ਼ੂ ਬਾਇਓਟੈਕਨਾਲੋਜੀ ਦੇ ਨਾਲ-ਨਾਲ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਇਨ੍ਹਾਂ ਦੀ ਵਰਤੋਂ ਬਾਰੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੋਸ਼ਠੀ ਨੌਜਵਾਨ ਖੋਜਾਰਥੀਆਂ ਨੂੰ ਉੱਘੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਅਤੇ ਵਿਗਿਆਨਕ ਖੋਜਾਂ ਦੇ ਵਿਹਾਰਕ ਤੇ ਵਪਾਰਕ ਉਪਯੋਗਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੀ ਹੈ।

ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਇਸ ਪਹਿਲਕਦਮੀ ਦੇ ਵਿਕਾਸ ਦਾ ਜ਼ਿਕਰ ਕੀਤਾ ਅਤੇ ਭਾਈਵਾਲ ਸੰਸਥਾਵਾਂ ਦੇ ਯੋਗਦਾਨ ਬਾਰੇ ਗੱਲ ਕੀਤੀ। ਆਨਲਾਈਨ ਸ਼ਾਮਲ ਹੋਏ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਉਪ-ਪ੍ਰਧਾਨ (ਖੋਜ) ਡਾ. ਬਲਜੀਤ ਸਿੰਘ ਨੇ ਅੰਤਰ-ਅਨੁਸ਼ਾਸਨੀ ਖੋਜ ਅਤੇ ਪ੍ਰਯੋਗਸ਼ਾਲਾ ਵਿੱਚ ਹੋਈਆਂ ਖੋਜਾਂ ਨੂੰ ਵਿਹਾਰਕ ਹੱਲਾਂ ਵਿੱਚ ਬਦਲਣ ’ਤੇ ਜ਼ੋਰ ਦਿੱਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤਰੀ ਪੱਧਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਕਿਸਾਨ ਭਾਈਚਾਰੇ ਨੂੰ ਲਾਭ ਪਹੁੰਚਾਉਣ ’ਤੇ ਕੇਂਦ੍ਰਿਤ ਹੱਲ-ਮੁਖੀ ਖੋਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਵੱਖ-ਵੱਖ ਸੈਸ਼ਨਾਂ ਵਿੱਚ ਇੰਸਟੀਚਿਊਟ ਆਫ਼ ਲਾਈਫ਼ ਸਾਇੰਸਿਜ਼, ਭੁਵਨੇਸ਼ਵਰ ਦੇ ਨਿਰਦੇਸ਼ਕ ਡਾ. ਦੇਬਾਸਿਸ਼ ਦਾਸ਼ ਨੇ ਸਮੁੰਦਰੀ ਬਾਇਓਟੈਕਨਾਲੋਜੀ ਬਾਰੇ ਚਰਚਾ ਕੀਤੀ। ਮੋਹਾਲੀ ਦੇ ਡਾ. ਅਸ਼ਵਨੀ ਪਾਰੀਕ ਨੇ ਖੇਤੀਬਾੜੀ ਵਿੱਚ ਜੀਨੋਮ ਸੰਪਾਦਨ ਬਾਰੇ ਚਾਨਣਾ ਪਾਇਆ। ਨਵੀਂ ਦਿੱਲੀ ਦੇ ਡਾ. ਮਨੋਜ ਪ੍ਰਸਾਦ ਨੇ ਪੌਦਿਆਂ ਦੇ ਜੀਨੋਮਿਕਸ, ਵਿਗਿਆਨਕ ਖੋਜਾਂ ਦੇ ਵਿਹਾਰਕ ਰੂਪਾਂਤਰਣ ਅਤੇ ਸਲਾਹ-ਮਸ਼ਵਰੇ ਬਾਰੇ ਗੱਲ ਕੀਤੀ। ਹੈਦਰਾਬਾਦ ਦੇ ਡਾ. ਰਵੀ ਕੁਮਾਰ ਗੰਧਮ ਨੇ ਜ਼ੇਬੂ ਗਾਂ ਦੇ ਸੁਧਾਰ ਅਤੇ ਟਿਕਾਊ ਪਸ਼ੂਧਨ ਉਤਪਾਦਨ ਵਿੱਚ ਜੀਨੋਮਿਕਸ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਪੀਏਯੂ ਦੇ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਨਿਰਦੇਸ਼ਕ ਡਾ. ਯੋਗੇਸ਼ ਵਿਕਾਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।