ਹੁਸ਼ਿਆਰਪੁਰ:- ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਸੁੰਦਰ ਲੇਖਣ, ਮਹਿੰਦੀ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਵਿੱਚ 120 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਮਾਂ ਬੋਲੀ ਪੰਜਾਬੀ, ਗੁਰਮੁਖੀ ਲਿਪੀ ਅਤੇ ਪੰਜਾਬੀ ਸਭਿਆਚਾਰ ਸੀ। ‘ਸੁੰਦਰ ਲੇਖਣ ਮੁਕਾਬਲੇ’ ਵਿੱਚੋਂ ਬੀ.ਏ. ਸਮੈਸਟਰ-2 ਦੀ ਵਿਦਿਆਰਥਣ ਰੁਪਿੰਦਰਜੀਤ ਕੌਰ ਨੇ ਪਹਿਲਾ, ਬੀ.ਏ. ਸਮੈਸਟਰ-6 ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਦੂਜਾ ਅਤੇ ਬੀ.ਐੱਸ.ਸੀ. ਨਾਨ-ਮੈਡੀਕਲ, ਸਮੈਸਟਰ-2 ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
‘ਮਹਿੰਦੀ’ ਮੁਕਾਬਲੇ ਵਿੱਚੋਂ ਬੀ.ਏ. ਸਮੈਸਟਰ-4 ਦਾ ਯਸ਼ ਕੁਮਾਰ ਪਹਿਲੇ, ਬੀ.ਐੱਸ.ਸੀ. ਸਮੈਸਟਰ-2 ਦੀ ਗਗਨਦੀਪ ਦੂਜੇ ਅਤੇ ਬੀ.ਏ. ਸਮੈਸਟਰ-2 ਦੀ ਤਨੀਸ਼ਾ ਸੂਦ ਤੀਜੇ ਸਥਾਨ ਉੱਤੇ ਰਹੀ। ‘ਰੰਗੋਲੀ’ ਮੁਕਾਬਲੇ ਵਿੱਚੋਂ ਬੀ.ਏ. ਸਮੈਸਟਰ-4 ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਪਹਿਲਾ, ਬੀ.ਏ. ਸਮੈਸਟਰ-4 ਦੀ ਵਿਦਿਆਰਥਣ ਅਰਾਧਨਾ ਕੁਮਾਰੀ ਨੇ ਦੂਜਾ ਅਤੇ ਬੀ.ਏ. ਸਮੈਸਟਰ-6 ਦੀ ਵਿਦਿਆਰਥਣ ਨਿਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਹਨਾਂ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਵਿੱਚ ਉਪਰੋਕਤ ਮੁਕਾਬਲਿਆਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਨਾਵਲ, ਡਾਇਰੀ ਅਤੇ ਕਲਮ ਨਾਲ ਨਵਾਜ਼ਿਆ ਗਿਆ। ਇਨਾਮ ਵੰਡ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਇਨਾਮ ਵੰਡ ਸਮਾਰੋਹ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਜਤਿੰਦਰਪਾਲ ਸਿੰਘ ਅਤੇ ਸ੍ਰੀ ਬਲਵਿੰਦਰ ਸਿੰਘ ਚਾਹਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਸ ਸਮੇਂ ਕੁਬੇਰ ਭਾਰਦਵਾਜ, ਵਰਿੰਦਰ ਕਾਹਲੋਂ ਨੇ ਨਜ਼ਮਾਂ ਸੁਣਾਈਆ। ਐਮ.ਏ.ਪੰਜਾਬੀ ਦੀਆਂ ਵਿਦਿਆਰਥਣਾਂ ਚੈਰੀ ਅਤੇ ਜਸਜੀਤ ਕੌਰ ਨੇ ਲੋਕ ਗੀਤ ਪੇਸ਼ ਕੀਤੇ। ਇਸ ਸਮੇਂ ਕਾਲਜ ਪ੍ਰਿੰਸੀਪਲ ਵੱਲੋਂ ਇਨਾਮਾਂ ਦੀ ਵੰਡ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਉਹਨਾਂ ਆਪਣੇ ਸੰਬੋਧਨ ਵਿਚ ਆਖਿਆ ਕਿ ਹਰੇਕ ਭਾਸ਼ਾ ਸਨਮਾਨ ਦੀ ਹੱਕਦਾਰ ਹੁੰਦੀ ਹੈ ਅਤੇ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਇਹ ਕਾਰਜ ਮਾਤ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਕੇ ਨਹੀਂ ਕਰਨਾ ਚਾਹੀਦਾ।
ਸਰਕਾਰੀ ਕਾਲਜ ਵਿੱਚ ਲੇਖਣ ਮਹਿੰਦੀ ਅਤੇ ਰੰਗੋਲੀ ਮੁਕਾਬਲੇ ਕਰਵਾ ਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ
